ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 6 ਰਾਜਾਂ ਦੇ ਮੁੱਖ ਮੰਤਰੀਆਂ ਵਲੋਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦੀ ਤਜਵੀਜ਼ ਤੋਂ ਬਾਅਦ ਕੱਲ੍ਹ (4 ਦਸੰਬਰ) ਰਾਹੁਲ ਗਾਂਧੀ ਨੇ ਨਾਮਜ਼ਦਗੀ ਕਾਗਜ਼ ਭਰੇ। ਕਰਨਾਟਕ ਦੇ ਮੁੱਖ ਮੰਤਰੀ ਸਿੱਧੀਰਮਈਆ, ਹਿਮਾਚਲ ਪ੍ਰਦੇਸ਼ ਦੇ ਵੀਰਭੱਦਰ ਸਿੰਘ, ਪੁਡੂਚੇਰੀ ਦੇ ਵੀ. ਨਰਾਇਣਨ ਸਵਾਮੀ, ਮੇਘਾਲਿਆ ਦੇ ਮੁਕੁਲ ਸੰਗਮਾ ਅਤੇ ਮਿਜ਼ੋਰਮ ਦੇ ਲਾਲ ਥਾਨਾਵਾਲ ਵੀ ਉਥੇ ਮੌਜੂਦ ਸਨ।
ਇਸ ਤੋਂ ਪਹਿਲਾਂ ਪਿਛਲੇ 19 ਸਾਲਾਂ ਤੋਂ ਰਾਹੁਲ ਗਾਂਧੀ ਦੀ ਮਾਂ ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਰਹੀ ਹੈ। ਕਾਂਗਰਸ ਚੋਣ ਅਥਾਰਟੀ ਦੇ ਮੈਂਬਰ ਮਧੂਸੂਦਨ ਮਿਸਤਰੀ ਨੇ ਦਾਅਵਾ ਕੀਤਾ ਕਿ ਪ੍ਰਧਾਨਗੀ ਦੀ ਚੋਣ ਦਾ ਪੂਰਾ ਅਮਲ ਮੁਕੰਮਲ ਕਰਨ ‘ਚ ਤਕਰੀਬਨ 4 ਮਹੀਨੇ ਦਾ ਸਮਾਂ ਲੱਗਾ, ਜਿਸ ‘ਚ ਦੇਸ਼ ਦੇ 7500 ਬਲਾਕਾਂ ‘ਚੋਂ 7000 ਡੈਲੀਗੇਟਾਂ ਨੇ ਹਿੱਸਾ ਲਿਆ। 5 ਸਾਲਾਂ ਤੋਂ ਕਾਂਗਰਸ ਦੇ ਮੀਤ ਪ੍ਰਧਾਨ ਰਹੇ ਰਾਹੁਲ ਗਾਂਧੀ ਨੇ ਨਾਮਜ਼ਦਗੀ ਕਾਗਜ਼ ਭਰਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਤੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਉਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਲਈਆਂ। ਇਸ ਮੌਕੇ ਸੀਨੀਅਰ ਆਗੂ ਸ਼ੀਲਾ ਦੀਕਸ਼ਤ, ਮੋਹਸਿਨਾ ਕਿਦਵਈ, ਮੋਤੀ ਲਾਲ ਵੋਹਰਾ, ਆਨੰਦ ਸ਼ਰਮਾ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ ਵੀ ਮੌਜੂਦ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਨੂੰ ਇਸ ਅਹੁਦੇ ਲਈ ਸਮਰੱਥ ਦੱਸਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਰਾਇ ਪੁੱਛੀ ਜਾਵੇ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਬਹੁਤ ਵਧੀਆ ਪ੍ਰਧਾਨ ਮੰਤਰੀ ਬਣਨਗੇ। ਭਾਜਪਾ ਤੋਂ ਕਾਂਗਰਸ ‘ਚ ਸ਼ਾਮਿਲ ਹੋਏ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ‘ਬੱਬਰ ਸ਼ੇਰ’ ਦੱਸਿਆ।
ਇਸ ਦੌਰਾਨ ਕਾਂਗਰਸ ਆਗੂ ਮਨੀਸ਼ੰਕਰ ਅਈਅਰ ਵਲੋਂ ਮੁਗ਼ਲਾਂ ਦੀ ਦਿੱਤੀ ਮਿਸਾਲ ਚਰਚਾ ਚਾ ਵਿਸ਼ਾ ਬਣ ਗਈ। ਅਈਅਰ ਨੇ ਤਾਂ ਕਹੇ ਜਾਂਦੇ ਅੰਦਰੂਨੀ ਲੋਕਤੰਤਰ ਦੀ ਗੱਲ ਕਰਦਿਆਂ ਕਹਿ ਦਿੱਤਾ ਕਿ ਸਭ ਨੂੰ ਪਤਾ ਕਿ ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਸੱਤਾ ਸੰਭਾਲਣਗੇ ਅਤੇ ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ ਪਰ ਹੁਣ ਹਰ ਕੋਈ ਰਾਹੁਲ ਗਾਂਧੀ ਦੇ ਖ਼ਿਲਾਫ਼ ਚੋਣ ਲੜਨ ਨੂੰ ਆਜ਼ਾਦ ਹਨ। ਪਰ ਅਈਅਰ ਦੇ ਇਸ ਬਿਆਨ ਦਾ ਹਵਾਲਾ ਦਿੰਦਿਆਂ ਮੋਦੀ ਨੇ ਗੁਜਰਾਤ ਚੋਣਾਂ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਇਕ ਪਰਿਵਾਰ ਤੱਕ ਹੀ ਸੀਮਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਜ਼ਾਦ ਪੂਨਾਵਾਲਾ ਵਲੋਂ ਪ੍ਰਧਾਨ ਦੀ ਚੋਣ ਨੂੰ ਮਹਿਜ਼ ਖਾਨਾ ਪੂਰਤੀ ਕਰਾਰ ਦਿੱਤਾ ਜਾ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਵਾਦ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕਾਂ ਦੀ ਪੂਰੀ ਹਮਾਇਤ ਹੈ ਅਤੇ ਪਾਰਟੀ ਦਾ ਮੁਕੰਮਲ ਕਾਡਰ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੇ ਹੱਕ ‘ਚ ਹੈ। ਕਾਂਗਰਸ ਆਗੂ ਮਧੂ ਸੂਦਨ ਮਿਸਤਰੀ ਨੇ ਭਾਜਪਾ ‘ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਪਹਿਲਾਂ ਇਹ ਤਾਂ ਦੱਸੇ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਦੀ ਚੋਣ ਕਿਵੇਂ ਹੋਈ ਸੀ। ਇਸ ਤੋਂ ਪਹਿਲਾਂ ਕਾਂਗਰਸ ‘ਚ ਜਥੇਬੰਦਕ ਚੋਣਾਂ 2010 ‘ਚ ਹੋਈਆਂ ਸਨ ਜਦ ਸੋਨੀਆ ਗਾਂਧੀ ਚੌਥੀ ਵਾਰ ਪਾਰਟੀ ਪ੍ਰਧਾਨ ਬਣੀ ਸੀ।