ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਰਾਜਸਥਾਨ ਵਿੱਚ ਇਕ ਮੁਸਲਮਾਨ ਮਜ਼ਦੂਰ ਅਫਰਾਜ਼ੁਲ ਦੇ ਅਣਮਨੁਖੀ ਕਤਲ ਦੇ ਦੋਸ਼ੀ ਸ਼ੰਭੂ ਦੇ ਹੱਕ ਵਿੱਚ ਨਿਤਰੇ ਕੱਟੜਵਾਦੀ ਹਜ਼ੂਮ ਨੇ ਪੱਥਰਬਾਜੀ ‘ਤੇ ਉਤਰਦਿਆਂ 4 ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਹਿੰਸਾ ‘ਤੇ ਉੱਤਰੀ ਭੀੜ ਨੇ ਜ਼ਿਲ੍ਹਾ ਸੈਸ਼ਨਜ਼ ਅਦਾਲਤ ਦੀ ਛੱਤ ‘ਤੇ ਚੜ੍ਹਕੇ ਭਗਵਾ ਝੰਡਾ ਵੀ ਲਹਿਰਾ ਦਿੱਤਾ।
ਰਾਜਸਥਾਨ ਤੋਂ ਛਪਦੀਆਂ ਅਖਬਾਰਾਂ ਅਨੁਸਾਰ ਰਾਜਸਮੰਦ ਵਿਖੇ ਅਫਰਾਜ਼ੁਲ ਦੇ ਕਤਲ ਦੇ ਦੋਸ਼ ਵਿੱਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਸ਼ੰਭੂ ਨੂੰ ਜਦੋਂ ਵੀਰਵਾਰ ਬਾਅਦ ਦੁਪਿਹਰ ਉਦੈਪੁਰ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਤਾਂ ਉਸਦੇ ਹੱਕ ਵਿੱਚ ਨਿਤਰੀ ਹਿੰਦੂ ਕੱਟਵਵਾਦੀ ਭੀੜ ਐਨੀ ਹਿੰਸਾ ‘ਤੇ ਉਤਾਰੀ ਹੋ ਗਈ ਕਿ ਉਸਨੇ ਉਦੈਪੁਰ ‘ਚ ਲਾਈ ਗਈ ਧਾਰਾ 144 ਦੀ ਸ਼ਰੇਆਮ ਉਲੰਘਣਾ ਕਰਦਿਆਂ ਅਦਾਲਤ ਦੀ ਘੇਰਾਬੰਦੀ ਕਰਨ ਲਈ ਪੁਲਿਸ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਦਿੱਤੀ। ਦੱਸਿਆ ਗਿਆ ਹੈ ਕਿ ਜਿਉਂ ਹੀ ਪੁਲਿਸ ਨੇ ਥੋੜੀ ਸਖਤੀ ਤੋਂ ਕੰਮ ਲਿਆ ਤਾਂ ਕੁਝ ਹਿੰਸਾ ‘ਤੇ ਉੱਤਰੇ ਨੌਜਵਾਨ ਅਦਾਲਤ ਦੇ ਪਿਛਲੇ ਪਾਸਿਉਂ ਅਦਾਲਤ ਦੀ ਛੱਤ ‘ਤੇ ਜਾ ਚੜ੍ਹੇ ਅਤੇ ਪੁਲਿਸ ‘ਤੇ ਇੱਟਾਂ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ ਜਿਸ ਕਾਰਣ 10 ਪੁਲਿਸ ਅਧਿਕਾਰੀਆਂ ਸਣੇ 4 ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਨਾਲ ਹੋਈ ਸਿੱਧੀ ਝੜੱਪ ਦੇ ਦੌਰਾਨ ਹੀ ਭੀੜ ਨੇ ਅਦਾਲਤ ਉਪਰ ਭਗਵਾ ਝੰਡਾ ਲਹਿਰਾ ਦਿੱਤਾ ਜੋ ਕਾਫੀ ਸਮੇਂ ਤੀਕ ਝੂਲਦਾ ਰਿਹਾ। ਦੱਸਿਆ ਗਿਆ ਕਿ ਪੁਲਿਸ ਦੇ ਇਕ ਐਡੀਸ਼ਨਲ ਸੁਪਰਡੈਂਟ ਪੁਲਿਸ ਸੁਧੀਰ ਜੋਸ਼ੀ ਨਾਲ ਤਾਂ ਅਦਾਲਤ ਕੰਪਲੈਕਸ ਦੇ ਅੰਦਰ ਹੀ ਹੱਥੋਪਾਈ ਕੀਤੀ ਗਈ।
ਉਧਰ ਹਾਲਾਤ ਵਿਗੜਦੇ ਵੇਖ ਪੁਲਿਸ ਨੇ ਚੇਤਕ ਸਰਕਲ, ਕੋਰਟ ਚੌਂਕ ਅਤੇ ਟਾਊਨ ਹਾਲ ਨੇੜਲੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਫੌਰੀ ਬੰਦ ਕਰਵਾ ਦਿੱਤੇ। ਪੁਲਿਸ ਆਈ.ਜੀ. ਅਨੰਦ ਸ੍ਰੀਵਾਸਤਵ ਦੇ ਹੁਕਮਾਂ ‘ਤੇ ਉਦੈਪੁਰ ਅਤੇ ਨੇੜਲੇ ਖੇਤਰਾਂ ਵਿੱਚ ਅਗਲੇ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਕਿ ਹਿੰਸਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਹੈ ਜੋ ਕਿ ਦੂਸਰੇ ਜਿਲ੍ਹਿਆਂ ‘ਚੋਂ ਸਿਰਫ ਹਿੰਸਾ ਫੈਲਾਉਣ ਹੀ ਆਏ ਸਨ।