ਨਿਊ ਜਰਸੀ: ਭਾਵੇਂ ਕਿ ਵਿਦੇਸ਼ਾਂ ਵਿਚ ਸਿੱਖਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਸਕਦਾ ਹਰ ਖੇਤਰ ਵਿਚ ਉੱਚ ਅਹੁਦੇ ਹਾਸਿਲ ਕੀਤੇ ਹਨ ਤੇ ਆਪਣੀ ਵੱਖਰੀ ਪਛਾਣ ਨੂੰ ਦੁਨੀਆ ਵਿਚ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ, ਪਰ ਫੇਰ ਵੀ ਸਿੱਖਾਂ ਨੂੰ ਵਾਰ-ਵਾਰ ਨਸਲੀ ਹਮਲਿਆਂ, ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿਸ ਵਿਚ ਲੋਕ ਸੰਚਾਰ ਦੇ ਸਾਧਨ ਰੇਡੀਓ ਦੇ ਇਕ ਪ੍ਰੋਗਰਾਮ ਦੇ ਸੰਚਾਲਕਾਂ ਨੇ ਨਿਊ ਜਰਸੀ ਵਿਚ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਬਾਰੇ ਨਸਲੀ ਟਿੱਪਣੀ ਕੀਤੀ।
ਐਨਜੇ 101.5 ਐਫਐਮ ’ਤੇ ‘ਡੈਨਿਸ ਐਂਡ ਜੁਡੀ ਸ਼ੋਅ’ ਪੇਸ਼ ਕਰਨ ਵਾਲੇ ਡੈਨਿਸ ਮੈਲੋਏ ਅਤੇ ਜੁਡੀ ਫਰੈਂਕੋ ਨੇ ਭੰਗ ਨਾਲ ਜੁੜੇ ਇਕ ਮਾਮਲੇ ’ਤੇ ਗਰੇਵਾਲ ਦੇ ਫੈਸਲੇ ’ਤੇ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਨੂੰ ‘ਟਰਬਨਮੈਨ’ ਕਹਿ ਕੇ ਸੰਬੋਧਨ ਕੀਤਾ। ਮੈਲੋਏ ਨੇ ਕਿਹਾ, ‘‘ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ ? ਮੈਂ ਉਨ੍ਹਾਂ ਦਾ ਨਾਂ ਨਹੀਂ ਜਾਨਣਾ ਚਾਹੁੰਦਾ। ਸਿਰਫ਼ ਉਨ੍ਹਾਂ ਨੂੰ ‘ਟਰਬਨਮੈਨ’ ਕਹਾਂਗਾ।’’ ਫਰੈਂਕੋ ਨੇ ਵਾਰ ਵਾਰ ਗੀਤ ਗਾਉਣ ਦੇ ਅੰਦਾਜ਼ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ। ਮੈਲੋਏ ਨੇ ਕਿਹਾ ਕਿ ਜੇ ਤੁਹਾਨੂੰ ਇਸ ਨਾਲ ਸੱਟ ਵੱਜਦੀ ਹੈ ਤਾਂ ਤੁਸੀਂ ਦਸਤਾਰ ਨਾ ਬੰਨ੍ਹੋ।
ਰੇਡੀਓ ਪੇਸ਼ਕਾਰਾਂ ਵਲੋਂ ਕੀਤੀਆਂ ਗਈਆਂ ਇਹਨਾਂ ਟਿੱਪਣੀਆਂ ਦਾ ਲੋਕਾਂ ਵਲੋਂ ਸਖਤ ਪ੍ਰਤੀਕਰਮ ਦਿੱਤਾ ਗਿਆ। ਗਰੇਵਾਲ ਦੀ ਨਿਯੁਕਤੀ ਕਰਨ ਵਾਲੇ ਨਿਊਜਰਸੀ ਦੇ ਗਵਰਨਰ ਫਿਲ ਮਰਫ਼ੀ ਨੇ ਰੇਡੀਓ ਹੋਸਟਾਂ ਦੀ ਭਾਸ਼ਾ ਦੀ ਸਖ਼ਤ ਨਿੰਦਾ ਕੀਤੀ ਅਤੇ ਰੇਡੀਓ ਸਟੇਸ਼ਨ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮਰਫ਼ੀ ਨੇ ਟਵੀਟ ਕੀਤਾ ਕਿ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਲਈ ਨਿਊਜਰਸੀ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਡੀਓ ਸਟੇਸ਼ਨ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਨਸਲੀ ਟਿੱਪਣੀਆਂ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਗਵਰਨਰ ਮਰਫ਼ੀ ਤੋਂ ਇਲਾਵਾ ਸੈਨੇਟਰ ਕੋਰੀ ਬੂਕਰ, ਰਾਜ ਸੈਨੇਟ ਮੁਖੀ ਸਟੀਫਨ ਐਮ. ਸਵੀਨੇ, ਨੁਮਾਂਇੰਦੇ ਵਿਨ ਗੋਪਾਲ ਅਤੇ ਬੋਬ ਹਿਊਗਿਨ ਨੇ ਵੀ ਰੇਡੀਓ ਪੇਸ਼ਕਾਰਾਂ ਦੀ ਸਖਤ ਨਿੰਦਾ ਕਰਦੇ ਬਿਆਨ ਜਾਰੀ ਕੀਤੇ।
ਸਿੱਖ ਪਛਾਣ ਬਾਰੇ ਅਮਰੀਕੀਆਂ ਨੂੰ ਜਾਣੂ ਕਰਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਵਾਲੀ ਅਮਰੀਕਨ ਸਿੱਖ ਕਾਉਂਸਲ ਨੇ ਰੇਡੀਓ ਪੇਸ਼ਕਾਰਾਂ ਦੀਆਂ ਟਿੱਪਣੀਆਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਅਮਰੀਕੀ ਨਾਗਰਿਕਾਂ ਨੂੰ ਆਪਣੀ ਵੱਖਰੀ ਦਿੱਖ ਕਾਰਨ ਸਕੂਲਾਂ ਤੋਂ ਲੈ ਕੇ ਕੰਮ ਕਰਨ ਵਾਲੀਆਂ ਥਾਵਾਂ ਤਕ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਅਮਰੀਕਨ ਸਿੱਖ ਕਾਉਂਸਲ ਦੀ ਮੀਤ ਪ੍ਰਧਾਨ ਜਸਬੀਰ ਕੌਰ ਨੇ ਕਿਹਾ ਕਿ ਰੇਡੀਓ ਪੇਸ਼ਕਾਰਾਂ ਵਲੋਂ ਇਸ ਘਟਨਾ ਲਈ ਸਿਰਫ ਮੁਆਫੀ ਮੰਗ ਲੈਣਾ ਹੀ ਬਹੁਤ ਨਹੀਂ ਹੈ, ਬਲਕਿ ਉਨ੍ਹਾਂ ਦੇ ਧਾਰਮਿਕ ਸੰਵੇਦਨਸ਼ੀਲਤਾ ਬਾਰੇ ਸਿਖਲਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੋਲਣ ਦੀ ਅਜ਼ਾਦੀ ਦੇ ਨਾਂ ‘ਤੇ ਨਫਰਤ ਫੈਲਾਉਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ।
ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਬਿਆਨ ਰਾਹੀਂ ਕਿਹਾ ਕਿ ਅਮਰੀਕਾ ‘ਚ ਅਟਾਰਨੀ ਜਨਰਲ ਦੇ ਅਹਿਮ ਅਹੁਦੇ ‘ਤੇ ਤੈਨਾਤ ਗੁਰਬੀਰ ਸਿੰਘ ਗਰੇਵਾਲ ਦੀ ਸਿੱਖ ਪਛਾਣ ਨੂੰ ਲੈ ਕੇ ਰੇਡੀਓ ਪੇਸ਼ਕਾਰਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਉਨ੍ਹਾਂ ਦੀ ਨਫ਼ਰਤ ਭਰੀ ਮਾਨਸਿਕਤਾ ਨੂੰ ਪ੍ਰਗਟਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਅਮਰੀਕਾ ਵਿਚ ਸਿੱਖਾਂ ਦੀ ਤਰੱਕੀ ਕੁਝ ਲੋਕ ਅੱਜ ਵੀ ਬਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਿੱਖ ਆਪਣੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਾਬਤ-ਸੂਰਤ ਸਰੂਪ ਨਾਲ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ ਅਤੇ ਦਸਤਾਰ ਸਿੱਖਾਂ ਲਈ ਇਕ ਪਛਾਣ ਦੇ ਨਾਲ-ਨਾਲ ਇਕ ਧਾਰਮਿਕ ਚਿੰਨ੍ਹ ਵੀ ਹੈ।
ਨਸਲੀ ਟਿੱਪਣੀਆਂ ਕਰਨ ਵਾਲੇ ਰੇਡੀਓ ਪੇਸ਼ਕਾਰ ਮੁਅੱਤਲ
ਸਖਤ ਵਿਰੋਧ ਹੋਣ ਤੋਂ ਬਾਅਦ ਦੋ ਰੇਡੀਓ ਪੇਸ਼ਕਾਰਾਂ ਨੇ ਆਪਣੀਆਂ ਨਸਲੀ ਟਿੱਪਣੀਆਂ ਲਈ ਮੁਆਫ਼ੀ ਮੰਗ ਲਈ ਹੈ। ਪੇਸ਼ਕਾਰਾਂ ਖਿਲਾਫ ਕਾਰਵਾਈ ਕਰਦਿਆਂ ਰੇਡੀਓ ਚੈਨਲ ਵਲੋਂ ਦੋਵੇਂ ਪੇਸ਼ਕਾਰਾਂ ਨੂੰ ਗਲਤ ਭਾਸ਼ਾ ਦੀ ਵਰਤੋਂ ਕਰਨ ਲਈ 10 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਮੈਲੋਏ ਨੇ ਇਕ ਵੀਡੀਓ ਸੰਦੇਸ਼ ਵਿੱਚ ਆਪਣੇ ਅਤੇ ਫਰੈਂਕੋ ਵੱਲੋਂ ਮੁਆਫ਼ੀ ਮੰਗੀ। ਉਸ ਨੇ ਕਿਹਾ, ‘‘ਜੂਡੀ ਅਤੇ ਮੇਰੇ ਵੱਲੋਂ ਮੈਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਟਿੱਪਣੀਆਂ ਲਈ ਨਿਊ ਜਰਸੀ ਦੇ ਅਟਾਰਨੀ ਜਨਰਲ ਤੋਂ ਮੁਆਫ਼ੀ ਮੰਗਦਾ ਹਾਂ।’’
ਰੇਡੀਓ ਸਟੇਸ਼ਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ 10 ਦਿਨ ਲਈ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਛੇ ਅਗਸਤ ਤਕ ਉਹ ਪ੍ਰੋਗਰਾਮ ਪੇਸ਼ ਨਹੀਂ ਕਰਨਗੇ।