ਫ਼ਤਹਿਗੜ੍ਹ ਸਾਹਿਬ: ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਰੂ ਗੰ੍ਰਥ ਸਾਹਿਬ ਅਤੇ ਕੁਰਾਨ ਸ਼ਰੀਫ ਵਰਗੇ ਘੱਟ ਗਿਣਤੀ ਕੌਮਾਂ ਦੇ ਗ੍ਰੰਥਾਂ ਦੇ ਸਾਜ਼ਸੀ ਢੰਗਾਂ ਨਾਲ ਹੁੰਦੀਆਂ ਆ ਰਹੀਆਂ ਅਪਮਾਨਿਤ ਕਾਰਵਾਈਆਂ ਨੂੰ ਅਸਹਿ ਅਤੇ ਅਕਹਿ ਕਰਾਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਮੁਤੱਸਬੀ ਤਾਕਤਾਂ ਜਿ਼ੰਮੇਵਾਰ ਹਨ। ਉਹਨਾਂ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਅਜਿਹਾ ਮਾਹੌਲ ਪੈਦਾ ਕਰਨ ਦੀ ਤਾਕ ਵਿਚ ਹਨ ਜਿਸ ਨਾਲ ਬਹੁਗਿਣਤੀ ਅਤੇ ਘੱਟਗਿਣਤੀ ਕੌਮਾਂ ਵਿਚ ਡੂੰਘੀ ਨਫ਼ਰਤ ਪੈਦਾ ਹੋਵੇ ਅਤੇ ਇਹ ਪਾੜਾ ਵੱਧ ਜਾਵੇ।
ਅਜਿਹਾ ਕਰਕੇ ਇਹ ਸਾਜਿ਼ਸਕਾਰ ਬਹੁਗਿਣਤੀ ਨੂੰ ਇਕ ਥਾਂ ‘ਤੇ ਖੜ੍ਹਾ ਕਰਨਾ ਚਾਹੁੰਦੀਆਂ ਹਨ ਤਾਂ ਕਿ ਉਹ ਬਹੁਗਿਣਤੀ ਦੀਆਂ ਵੋਟਾਂ ਦੇ ਸਹਾਰੇ ਇਥੋ ਦੇ ਰਾਜ ਭਾਗ ਦਾ ਨਿਰੰਤਰ ਆਨੰਦ ਮਾਣਦੀਆਂ ਰਹਿਣ। ਉਹਨਾਂ ਕਿਹਾ ਕਿ ਅਜਿਹੀ ਘਿਨੌਣੀ ਅਤੇ ਅਤਿ ਸ਼ਰਮਨਾਕ ਖੇਡ ਖੇਡਣ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਉਹ ਅੱਗ ਨਾਲ ਖੇਡ ਰਹੇ ਹਨ। ਜਿਸ ਦੇ ਮਾਰੂ ਨਤੀਜਿਆ ਤੋਂ ਅਜਿਹੀਆਂ ਮੁਤੱਸਬੀ ਤਾਕਤਾਂ ਅਤੇ ਹੁਕਮਰਾਨ ਵੀ ਨਹੀਂ ਬਚ ਸਕਣਗੇ।
ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਫਾਈਲ ਫੋਟੋ)
ਟਿਵਾਣਾ ਨੇ ਅਮਨ-ਚੈਨ ਚਾਹੁੰਣ ਵਾਲੇ ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਵੱਖ-ਵੱਖ ਕੌਮਾਂ ਅਤੇ ਧਰਮਾਂ ਦੇ ਰਹਿਨੁਮਾਵਾਂ ਅਤੇ ਸ਼ਖਸੀਅਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਤਾਕਤਾਂ “ਵੋਟ ਸਿਆਸਤ” ਦੀ ਸਵਾਰਥੀ ਸੋਚ ਅਧੀਨ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ, ਉਹ ਹੈਵਾਨੀਅਤ ਅਤੇ ਸ਼ੈਤਾਨੀਅਤ ਸੋਚ ਵਾਲੇ ਹਨ ਅਤੇ ਮਨੁੱਖਤਾ ਦੇ ਵੈਰੀ ਹਨ।
ਸਾਨੂੰ ਸਭਨਾਂ ਨੂੰ ਧਰਮਾਂ, ਕੌਮਾਂ ਦੀਆਂ ਵੱਲਗਣਾਂ ਤੋਂ ਉਪਰ ਉੱਠਕੇ ਇਨਸਾਨੀਅਤ ਪੱਖੀ ਸਾਂਝੇ ਉਦਮ ਕਰਦੇ ਹੋਏ, ਅਜਿਹੀਆਂ ਤਾਕਤਾਂ ਅਤੇ ਆਗੂਆਂ ਦੀ ਪਹਿਚਾਨ ਕਰਨ ਦੇ ਨਾਲ-ਨਾਲ ਉਹਨਾਂ ਨੂੰ ਕਾਨੂੰਨੀ ਤੌਰ ਤੇ ਬਣਦੀਆਂ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰਨ ਵਿਚ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੋ ਹੱਸਦੀ-ਵੱਸਦੀ ਮਨੁੱਖਤਾ ਅਤੇ ਪੰਜਾਬ ਦੀ ਧਰਤੀ ਨੂੰ ਆਪਣੇ ਸੌੜੇ ਸਿਆਸੀ ਹਿੱਤਾ ਲਈ ਖੂਨੀ ਖੇਡ ਵਿਚ ਰੰਗਣਾ ਚਾਹੁੰਦੀ ਹੈ। ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਧਰਮਾਂ ਅਤੇ ਕੌਮਾਂ ਵਿਚ ਵਿਚਰਣ ਵਾਲੀਆਂ ਮਨੁੱਖਤਾ ਪੱਖੀ ਸ਼ਖਸੀਅਤਾਂ ਅਤੇ ਆਗੂ ਅਜਿਹੇ ਗੰਭੀਰ ਸਮੇਂ ਆਪਣੇ ਇਨਸਾਨੀ ਫਰਜਾਂ ਉਤੇ ਪਹਿਰਾ ਦਿੰਦੇ ਹੋਏ, ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਦਾ ਡੱਟਕੇ ਮੁਕਾਬਲਾ ਵੀ ਕਰਨਗੀਆਂ ਅਤੇ ਉਹਨਾਂ ਦੀਆਂ ਮਨੁੱਖਤਾ ਵਿਰੋਧੀ ਸਾਜਿਸ਼ਾਂ ਨੂੰ ਅਸਫ਼ਲ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਉਣਗੀਆਂ।

