ਕਵੈਟਾ ਹਮਲੇ 'ਚ ਮਾਰੇ ਗਏ 61 ਲੋਕਾਂ ਦੀ ਅੰਤਮ ਯਾਤਰਾ

ਵਿਦੇਸ਼

ਕਵੈਟਾ ਹਮਲਾ: ਪਾਕਿਸਤਾਨ ਨੇ ਭਾਰਤ ਵੱਲ ਕੀਤੀ ਉਂਗਲ

By ਸਿੱਖ ਸਿਆਸਤ ਬਿਊਰੋ

October 26, 2016

ਕਵੈਟਾ: ਪਾਕਿਸਤਾਨ ਦੇ ਸ਼ਹਿਰ ਕਵੈਟਾ ‘ਚ ਇੰਤਹਾਪਸੰਦਾਂ ਦੇ ਹਮਲੇ ‘ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਸੀ ਅੱਜ ਉਨ੍ਹਾਂ ਨੂੰ ਦਫਨਾਇਆ ਜਾ ਰਿਹਾ ਹੈ।

ਕਵੈਟਾ ਦੇ ਪੁਲਿਸ ਟ੍ਰੇਨਿੰਗ ਸੈਂਟਰ ‘ਤੇ ਹੋਏ ਹਮਲੇ ‘ਚ ਟ੍ਰੇਨਿੰਗ ਲੈ ਰਹੇ 61 ਰੰਗਰੂਟਾਂ ਦੀ ਮੌਤ ਹੋ ਗਈ ਸੀ। ਸੈਂਟਰ ‘ਤੇ ਤਿੰਨ ਖੁਦਕੁਸ਼ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ। ਜਿਨ੍ਹਾਂ ਵਿਚੋਂ ਦੋ ਨੇ ਆਪਣੇ ਆਪ ਨੂੰ ਧਮਾਕਾਖੇਜ਼ ਸਮੱਗਰੀ ਨਾਲ ਉਡਾ ਲਿਆ ਸੀ, ਜਦਕਿ ਇਕ ਜਵਾਬੀ ਗੋਲੀਬਾਰੀ ‘ਚ ਮਾਰਿਆ ਗਿਆ ਸੀ।

ਇਸ ਹਮਲੇ ਲਈ ਕਈ ਜਥੇਬੰਦੀਆਂ ਨੇ ਜ਼ਿੰਮੇਵਾਰੀ ਲਈ ਹੈ। ਇਸਲਾਮਿਕ ਸਟੇਟ ਅਤੇ ਪਾਕਿਸਤਾਨੀ ਤਾਲਿਬਾਨ ਦੇ ਇਕ ਧੜੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਹੈ।

ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਮੁਹੰਮਦ ਇਲਿਆਸ ਖਾਨ ਮੁਤਾਬਕ ਕਵੈਟਾ ‘ਚ ਪਹਿਲਾਂ ਵੀ ਇੰਤਹਾਪਸੰਦਾਂ ਦੇ ਹਮਲੇ ਹੁੰਦੇ ਰਹੇ ਹਨ। ਪਰ ਇਸ ਤੋਂ ਪਹਿਲਾਂ ਹੋਏ ਹਮਲਿਆਂ ‘ਚ ਮੁੱਖ ਰੂਪ ‘ਚ ਨਿਸ਼ਾਨਾ ਸ਼ੀਆ ਮੁਸਲਮਾਨ ਹੁੰਦੇ ਸਨ। ਪਰ ਹੁਣ ਅਜਿਹਾ ਨਹੀਂ ਹੋ ਰਿਹਾ। ਸ਼ਿਆ ਲੋਕਾਂ ਤੋਂ ਅਲਾਵਾ ਦੂਜੇ ਫਿਰਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਵੈਟਾ ‘ਚ ਅਗਸਤ ਮਹੀਨੇ ‘ਚ ਇਕ ਹਸਪਤਾਲ ਅਤੇ ਵਕੀਲਾਂ ‘ਤੇ ਕੀਤੇ ਗਏ ਹਮਲਿਆਂ ‘ਚ 88 ਲੋਕਾਂ ਦੀ ਜਾਨ ਗਈ ਸੀ। ਜਦਕਿ ਇਸ ਵਾਰ ਰੰਗਰੂਟਾਂ ‘ਤੇ ਹਮਲਾ ਹੋਇਆ ਹੈ। ਬੀਬੀਸੀ ਪੱਤਰਕਾਰ ਮੁਤਾਬਕ ਇਸ ਹਮਲੇ ਤੋਂ ਬਾਅਦ ਦੋ ਗੱਲਾਂ ਹੋਈਆਂ ਹਨ। ਪਹਿਲੀ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਆਪਣੇ ਰਵਾਇਤੀ ਵਿਰੋਧੀ ਭਾਰਤ ‘ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਭਾਰਤ ਅਫਗਾਨ ਇਲਾਕਿਆਂ ਦਾ ਇਸਤੇਮਾਲ ਬਲੋਚਿਸਤਾਨ ‘ਚ ਗੜਬੜ ਕਰਨ ਲਈ ਕਰ ਰਿਹਾ ਹੈ।

ਦੂਜਾ, ਕੌਮਾਂਤਰੀ ਭਾਈਚਾਰੇ ਦਾ ਕਵੈਟਾ ਸਥਿਤ ਸੁਰੱਖਿਅਤ ਟਿਕਾਣਿਆਂ ਵੱਲ ਧਿਆਨ ਵਧ ਗਿਆ ਹੈ। ਕਈ ਲੋਕਾਂ ਨੇ ਇਹ ਵੀ ਇਸ਼ਾਰੇ ਦਿੱਤੇ ਹਨ ਕਿ ਕਵੈਟਾ ਹਮਲੇ ‘ਚ ਖੇਤਰੀ ਤਾਕਤਾਂ ਅਤੇ ਹਮਲਾਵਰਾਂ ਦਾ ਨੈਟਵਰਕ ਸ਼ਾਮਲ ਹੈ।

ਇਸਲਾਮਿਕ ਸਟੇਟ ਨਾਲ ਜੁੜੀ ਖ਼ਬਰ ਏਜੰਸੀ ਅਮਾਕ ਦਾ ਕਹਿਣਾ ਹੈ ਕਿ ਇਹ ਹਮਲਾ ਉਸਦੇ ਲੜਾਕਿਆਂ ਨੇ ਕੀਤਾ ਹੈ। ਇਸਲਾਮਿਕ ਸਟੇਟ ਨੇ ਇਸ ਹਮਲੇ ਨਾਲ ਸਬੰਧਤ ਤਿੰਨ ਬੰਦੂਕਧਾਰੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

ਹਾਲਾਂਕਿ ਪਾਕਿਸਤਾਨੀ ਤਾਲਿਬਾਨ ਦੇ ਇਕ ਧੜੇ ਹਕੀਮ ਉੁਲ੍ਹਾ ਧੜੇ ਨੇ ਵੀ ਬਿਆਨ ਜਾਰੀ ਕਰਕੇ ਪੁਲਿਸ ਸੈਂਟਰ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਜਦਕਿ ਕਰਾਚੀ ਦੇ ਅਖ਼ਬਾਰ ਐਕਸਪ੍ਰੈਸ ਟ੍ਰਿਿਬਊਨ ਦੀ ਰਿਪੋਰਟ ਮੁਤਾਬਕ ਕਰਾਚੀ ਤਾਲਿਬਾਨ, ਜਿਸਨੂੰ ਕਿ ਘੱਟ ਲੋਕ ਹੀ ਜਾਣਦੇ ਹਨ, ਦਾ ਕਹਿਣਾ ਹੈ ਕਿ ਕਵੈਟਾ ਹਮਲਾ ਉਨ੍ਹਾਂ ਨੇ ਕੀਤਾ ਹੈ।

ਇਸਤੋਂ ਪਹਿਲਾਂ ਪਾਕਿਸਤਾਨ ਅਧਿਕਾਰੀਆਂ ਨੇ ਲਸ਼ਕਰ-ਏ-ਝੰਗਵੀ ਦੇ ਇਕ ਧੜੇ ‘ਤੇ ਦੋਸ਼ ਲਾਇਆ ਸੀ ਕਿ ਕਵੈਟਾ ਹਮਲਾਵਰ ਅਫਗਾਨਿਸਤਾਨ ‘ਚ ਸਰਗਰਮ ਲਸ਼ਕਰ-ਏ-ਝੰਗਵੀ ਦੇ ਕਮਾਂਡਰਾਂ ਦੇ ਸੰਪਰਕ ‘ਚ ਸਨ।

ਧੰਨਵਾਦ ਸਹਿਤ: ਬੀਬੀਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: