Site icon Sikh Siyasat News

ਪੰਜਾਬ ਦਾ ਜਲ ਸੰਕਟ – ਫ਼ਾਜ਼ਿਲਕਾ ਜਿਲ੍ਹੇ ਦੀ ਸਥਿਤੀ

ਧਰਤੀ ਉੱਤੇ ਜੀਵਨ ਪਾਣੀ ਨਾਲ ਹੀ ਸੰਭਵ ਹੈ। ਦੁਨੀਆਂ ਵਿੱਚ ਮੁੱਢ-ਕਦੀਮ ਤੋਂ ਮਨੁੱਖੀ ਵਸੋਂ ਜਲ ਸਰੋਤਾਂ ਨੇੜੇ ਹੀ ਆਬਾਦ ਰਹੀ ਹੈ। ਮਨੁੱਖ ਦੀ ਲੋੜ ਤੋਂ ਵੱਧ ਵਰਤੋਂ, ਫਸਲੀ ਚੱਕਰ ਵਿੱਚ ਬਦਲਾਅ, ਵਾਤਾਵਰਣ ਤਬਦੀਲੀ ਆਦਿ ਕਾਰਨਾਂ ਕਰਕੇ ਜਮੀਨ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ।

ਸੂਬਾ ਪੱਧਰ ਉੱਤੇ ਪੰਜਾਬ ਦੇ ਜਲ ਸੰਕਟ ਦਾ ਅੰਦਾਜ਼ਾ ਅੰਕੜਿਆਂ ਤੋਂ ਲਗਾ ਸਕਦੇ ਹਾਂ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ “ਅਤਿ ਸ਼ੋਸ਼ਿਤ” ਸਥਿਤੀ ਵਿਚ ਹਨ ਭਾਵ ਕਿ ਪਾਣੀ ਕੱਢਣ ਦੀ ਦਰ ਧਰਤੀ ਹੇਠਾਂ ਪਾਣੀ ਦੀ ਭਰਪਾਈ (ਰੀਚਾਰਜ) ਹੋਣ ਦੀ ਦਰ ਤੋਂ ਵੱਧ ਹੈ।
ਫ਼ਾਜ਼ਿਲਕਾ ਜਿਲ੍ਹੇ ਦੀ ਸਥਿਤੀ:
ਫ਼ਾਜ਼ਿਲਕਾ ਜਿਲ੍ਹੇ ਵਿਚ ਜਲ ਸੰਕਟ ਦੀ ਸਥਿਤੀ ਆਪਣੀ ਹੀ ਤਰ੍ਹਾਂ ਦੀ ਹੈ। ਜ਼ਿਲੇ ਦੇ ਅੰਕੜੇ ਦੇਖੀਏ ਤਾਂ ਇਸ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕ “ਅਤਿ-ਸ਼ੋਸ਼ਿਤ” ਸਥਿਤੀ ਵਿਚ ਹਨ। ਆਓ ਪਹਿਲਾਂ ਫ਼ਾਜ਼ਿਲਕਾ ਜਿਲ੍ਹੇ ਦੇ ਬਲਾਕਾਂ ਵਿਚ ਧਰਤੀ ਹੇਠੋੰ ਪਾਣੀ ਕੱਢਣ ਦੀ ਦਰ ਉੱਤੇ ਨਜ਼ਰ ਪਾ ਲਈਏ:-
2017 2020
1. ਅਬੋਹਰ 38% 32%
2. ਫ਼ਾਜ਼ਿਲਕਾ 155% 96%
3. ਜਲਾਲਾਬਾਦ 150% 137%
4. ਖੂਈਆਂ ਸਰਵਰ 56% 35%
5. ਅਰਨੀਵਾਲਾ ਸ਼ੇਖ ਸੁਭਾਨ 124%
(New block in 2019-20)
ਧਰਤੀ ਹੇਠਲਾ ਖਾਰਾ ਪਾਣੀ ਅਤੇ ਸੇਮ — ਦੂਹਰੀ ਮਾਰ:
ਜ਼ਿਲੇ ਅੰਦਰ ਧਰਤੀ ਹੇਠਲੇ ਪਾਣੀ ਦੇ ਖਾਰੇਪਣ ਅਤੇ ਸੇਮ ਦੀ ਸਮੱਸਿਆ ਵੀ ਹੈ। ਖਾਰੇਪਾਣ ਕਾਰਨ ਧਰਤੀ ਹੇਠਲਾ ਪਾਣੀ ਵਰਤੋਂਯੋਗ ਨਹੀਂ ਹੈ। ਦੂਸਰੇ ਪਾਸੇ ਇਥੇ ਢੁਕਵੀਂ ਨਿਕਾਸੀ ਪ੍ਰਣਾਲੀ ਦੀ ਘਾਟ, ਅਤੇ ਰਾਜਸਥਾਨ ਨੂੰ ਜਾਂਦੀ ਇੰਦਰਾ ਗਾਂਧੀ ਨਹਿਰ ਅਤੇ ਸਰਹਿੰਦ ਫੀਡਰ ਨਹਿਰ ਤੋਂ ਲਗਾਤਾਰ ਪਾਣੀ ਦਾ ਸਿੰਮਣਾ ਨਾਲ ਕਾਫੀ ਖੇਤਰ ਸੇਮ ਦੀ ਮਾਰ ਹੇਠ ਹੈ।
ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਹੋਵੇ ਅਤੇ ਸੇਮ ਦੀ ਸਮੱਸਿਆ ਵੀ ਹੋ ਜਾਵੇ ਓਥੇ ਸੇਮ ਨਾਲ ਖਾਰੇ ਤੱਤ ਧਰਤੀ ਦੀ ਸਤਹ ਉੱਤੇ ਆ ਜਾਣ ਕਾਰਨ ਮਿੱਟੀ ਦੀ ਉਜਪਾਊ ਸ਼ਕਤੀ ਦਾ ਨੁਕਸਾਨ ਹੁੰਦਾ ਹੈ। ਫਾਜਿਲਕਾ ਜਿਲ੍ਹੇ ਦਾ ਸੇਮ ਵਾਲਾ ਇਲਾਕਾ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
ਤਿੰਨ ਬਲਾਕ ਅਤਿ-ਸ਼ੋਸ਼ਿਤ ਪਰ ਜਿਲ੍ਹਾ ਪੱਧਰੀ ਸ਼ੋਸ਼ਣ ਦਰ ਘੱਟ:
ਫਾਜਿਲਕਾ ਦੇ ਸੇਮ ਵਾਲੇ ਬਲਾਕਾਂ ਵਿੱਚੋਂ ਪਾਣੀ ਬਹੁਤ ਘੱਟ (ਸਿਰਫ 32% ਅਤੇ 35% ਹੀ) ਕੱਢਿਆ ਜਾ ਰਿਹਾ ਹੈ। ਇਸ ਲਈ ਪੰਜ ਵਿਚੋੰ ਤਿੰਨ ਬਲਾਕ ਅਤਿ-ਸ਼ੋਸ਼ਿਤ ਹੋਣ ਬਾਵਜੂਦ ਜ਼ਿਲਾ ਪੱਧਰ ਉੱਤੇ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ ਘੱਟ ਕੇ 78% ਰਹਿ ਜਾਂਦੀ ਹੈ।
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਭਾਵੇਂ ਕਿ ਫਾਜਿਲਕਾ ਜ਼ਿਲੇ ਵਿਚ ਪਾਣੀ ਦਾ ਪੱਤਣ ਕੋਈ ਬਹੁਤਾ ਡੂੰਘਾ ਨਹੀਂ ਹੈ ਅਤੇ ਸੁਮ ਵਾਲੇ ਖੇਤਰ ਵਿਚ ਪਾਣੀ ਦਾ ਤਲ ਸਤਹ ਉੱਤੇ ਜਾਂ ਬਹੁਤ ਘੱਟ ਡੂੰਘਾਈ ਉੱਤੇ ਹੈ ਪਰ ਜਿਲ੍ਹੇ ਦੇ 300 ਮੀਟਰ ਡੂੰਘਾਈ ਤੱਕ ਦੇ ਤਿੰਨ ਪੱਤਣਾਂ ਵਿੱਚੋਂ ਸਿਰਫ ਦੋ ਪੱਤਣਾਂ ਵਿੱਚ ਹੀ ਪਾਣੀ ਹੈ ਤੇ ਤੀਜਾ ਪੱਤਣ ਖਾਲੀ ਹੈ। ਇਥੇ ਪਹਿਲੇ ਪੱਤਣ ਵਿਚ 86.7 ਲੱਖ ਏਕੜ ਫੁੱਟ ਤੇ ਦੂਸਰੇ ਪੱਤਣ ਵਿਚ 18.5 ਲੱਖ ਏਕੜ ਫੁੱਟ ਮੌਜੂਦ ਹੈ।
ਫਾਜ਼ਿਲਕਾ ਵਿੱਚ ਜੰਗਲਾਤ ਹੇਠ ਰਕਬਾ:
ਫ਼ਾਜ਼ਿਲਕਾ ਜ਼ਿਲੇ ਵਿੱਚ ਜੰਗਲਾਤ ਹੇਠ ਰਕਬਾ ਸਿਰਫ 2% ਹੈ, ਜੋ ਕਿ ਬਹੁਤ ਘੱਟ ਹੈ।
ਕੀ ਕੀਤਾ ਜਾ ਸਕਦਾ ਹੈ?
ਉਹ ਕਾਰਜ ਜੋ ਆਪਾਂ ਪਰਿਵਾਰਕ ਜਾਂ ਸਮਾਜਿਕ ਪੱਧਰ ਉੱਤੇ ਕਰ ਸਕਦੇ ਹਾਂਃ-
੧. ਖਾਰੇ ਪਾਣੀ ਵਾਲੇ ਖੇਤਰ ਵਿਚ ਮੀਂਹ ਦੇ ਪਾਣੀ ਨੂੰ ਘਰਾਂ/ਇਮਾਰਤਾਂ ਦੀਆਂ ਛੱਤਾਂ ਤੋਂ ਬਰਸਾਤ ਦਾ ਪਾਣੀ ਇਕੱਠਾ ਕਰਕੇ ਇਸ ਦਾ ਭੰਡਾਰਣ ਵੱਡੀਆਂ ਟੈਂਕੀਆਂ ਵਿਚ ਕੀਤਾ ਜਾ ਸਕਦਾ ਹੈ। ਇਹ ਪਾਣੀ ਸੋਧ ਕੇ ਪੀਣ ਲਈ ਵਰਤਿਆ ਜਾ ਸਕਦਾ ਹੈ।
੨. ਰੁੱਖਾਂ ਹੇਠ ਰਕਬਾ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਸੰਬੰਧ ਵਿਚ ਚਾਹਵਾਨ ਸੱਜਣ ਕਾਰਸੇਵਾ ਖਡੂਰ ਸਾਹਿਬ ਵੱਲੋਂ ਲਗਾਏ ਜਾ ਰਹੇ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਵਾ ਸਕਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ, ਵੱਧ ਜਿੰਨੀ ਮਰਜੀ ਹੋ ਸਕਦੀ ਹੈ। ਇਹ ਝਿੜੀ ਕਾਰਸੇਵਾ ਵੱਲੋਂ ਬਿਨਾ ਕੋਈ ਖਰਚ ਲਏ ਲਗਾਈ ਜਾਂਦੀ ਹੈ। ਇਸ ਵਾਸਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜਾਂ ਸਿੱਧੇ ਤੌਰ ਉੱਤੇ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version