ਚੰਡੀਗੜ: ਕਰਜ਼ੇ ਦੀ ਪੰਡ ਭਾਰੀ ਹੋਣ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਕਟ ਦੀਆਂ ਵੱਖ-ਵੱਖ ਪਰਤਾਂ ਸਮਝਣ ਅਤੇ ਸਮਝਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਇੱਕ ਵਿਸ਼ੇਸ਼ ਇਕੱਠ ਹੋਇਆ। ਕਿਸਾਨ, ਮਜ਼ਦੂਰ ਆਗੂਆਂ, ਬੁੱਧੀਜੀਵੀਆਂ ਅਤੇ ਵਿਿਦਆਰਥੀਆਂ ਦੇ ਇਕੱਠ ਦਾ ਸਬੱਬ ਪ੍ਰੋਫੈਸਰ ਗਿਆਨ ਸਿੰਘ ਅਤੇ ਸਹਿਯੋਗੀਆਂ ਵੱਲੋਂ ‘ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਅਤੇ ਗ਼ਰੀਬੀ ਦਾ ਅਧਿਐਨ’ ਨਾਮ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਕਿਤਾਬ ਦੇ ਰਿਲੀਜ਼ ਸਮਾਗਮ ਕਾਰਨ ਬਣਿਆ।
ਦੇਸ਼ ਵਿੱਚ ਸਿਆਸੀ ਪਾਰਟੀਆਂ ਵੱਲੋਂ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ ਅਤੇ ਕਰਜ਼ਾ ਮੁਕਤੀ ਦੇ ਉੱਠ ਰਹੇ ਅੰਦੋਲਨ ਦੇ ਸੰਦਰਭ ਵਿੱਚ ਪ੍ਰੋ. ਗਿਆਨ ਸਿੰਘ, ਪ੍ਰੋ. ਅਨੁਪਮਾ ਉੱਪਲ, ਡਾ. ਰੁਪਿੰਦਰ ਕੌਰ, ਪ੍ਰੋ. ਗੁਰਿੰਦਰ ਕੌਰ ਅਤੇ ਡਾ. ਸੁਖਵੀਰ ਕੌਰ ਦੀ ਟੀਮ ਵੱਲੋਂ ਪੰਜਾਬੀ ਜ਼ੁਬਾਨ ਵਿੱਚ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਦੀ ਹੋਣੀ ਨੂੰ ਪੇਸ਼ ਕਰਨ ਦਾ ਇਹ ਢੁਕਵਾਂ ਸਮਾਂ ਹੈ।
ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਦਾ ਇਹ ਕਹਿਣਾ ਵਾਜਬ ਸੀ ਕਿ ਉਹ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਹੋਰ ਰਿਆਇਤਾਂ ਖ਼ਿਲਾਫ਼ ਨਹੀਂ ਹਨ, ਪਰ ਸੂਬੇ ਦੇ ਲਗਪਗ 15 ਲੱਖ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਦੁਖਦਾਈ ਹੈ। ਪੰਜਾਬ ਸਰਕਾਰ ਨੇ ਵੀ ਅਜਿਹਾ ਹੀ ਕੀਤਾ ਸੀ ਪਰ ਬੌਧਿਕ ਹਲਕਿਆਂ ਅਤੇ ਜਥੇਬੰਦਕ ਦਬਾਅ ਕਾਰਨ ਮਜ਼ਦੂਰਾਂ ਦੇ ਕਰਜ਼ੇ ਬਾਰੇ ਵੀ ਵਿਧਾਨ ਸਭਾ ਦੀ ਕਮੇਟੀ ਬਣਾਉਣੀ ਪਈ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਇੱਕੋ ਮੰਚ ’ਤੇ ਆਏ ਬਿਨਾਂ ਨਹੀਂ ਸਰ ਸਕਦਾ। ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਦਰਸ਼ਨ ਨੱਤ ਨੇ ਪੁਸਤਕ ਵਿੱਚ ਤੱਥਾਂ ਸਹਿਤ ਕਿਸਾਨਾਂ ਬਾਰੇ ਬਣਾਈਆਂ ਗਲਤ ਮਿੱਥਾਂ ਤੋੜਨ ਦੀ ਸ਼ਲਾਘਾ ਕੀਤੀ ਹੈ।
ਬੀਕੇਯੂ (ਲੱਖੋਵਾਲ) ਹਰਿੰਦਰ ਸਿੰਘ ਲੱਖੋਵਾਲ ਅਤੇ ਬੀਕੇਯੂ (ਰਾਜੇਵਾਲ) ਦੇ ਗੁਲਜ਼ਾਰ ਸਿੰਘ ਨੇ ਵੀ ਕਿਸਾਨੀ ਅੰਦੋਲਨ ਦੀ ਇੱਕਜੁੱਟਤਾ ਉੱਤੇ ਜ਼ੋਰ ਦਿੰਦਿਆਂ ਨੀਤੀਗਤ ਤੌਰ ’ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।
ਪ੍ਰੋਫੈਸਰ ਗਿਆਨ ਸਿੰਘ ਦੀ ਟੀਮ ਵੱਲੋਂ 1007 ਕਿਸਾਨ ਅਤੇ 301 ਮਜ਼ਦੂਰ ਪਰਿਵਾਰਾਂ ਉੱਤੇ ਕੀਤੇ ਇਸ ਸਰਵੇ ਮੁਤਾਬਕ 85 ਫ਼ੀਸਦੀ ਕਿਸਾਨ ਅਤੇ 80 ਫ਼ੀਸਦੀ ਤੋਂ ਵੱਧ ਮਜ਼ਦੂਰ ਪਰਿਵਾਰ ਕਰਜ਼ੇ ਦੇ ਬੋਝ ਹੇਠ ਹਨ। ਬਹੁਤ ਸਾਰੇ ਅਰਥ ਸ਼ਾਸਤਰੀ ਸਰਕਾਰੀ ਬੋਲੀ ਬੋਲਦਿਆਂ ਖੇਤੀ ਵਿੱਚੋਂ ਵੱਡਾ ਹਿੱਸਾ ਬਾਹਰ ਕੱਢਣ ਦੇ ਸੁਝਾਅ ਦੇ ਰਹੇ ਹਨ ਪਰ ਬਾਹਰ ਰੁਜ਼ਗਾਰ ਕਿੱਥੇ ਹੈ, ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਇਸ ਮੌਕੇ ਬੁੱਧੀਜੀਵੀਆਂ ਨੂੰ ਕਿਸਾਨ ਅਤੇ ਮਜ਼ਦੂਰਾਂ ਦੇ ਪੱਖ ਵਿੱਚ ਖੋਜ ਭਰਪੂਰ ਤੱਥ ਸਾਹਮਣੇ ਲਿਆ ਕੇ ਯੋਗਦਾਨ ਪਾਉਣਾ ਚਾਹੀਦਾ ਹੈ।