ਚੰਡੀਗੜ੍ਹ :- ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਚਾਰ ਗੋਸਟੀ ਕਰਵਾਈ ਗਈ।
ਇਸ ਗੋਸਟੀ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਯੋਗ ਉਪ-ਕੁਲਪਤੀ ਪ੍ਰੋ. ਅਰਵਿੰਦ ਜੀ ਨੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਗੁੰਜਨਜੋਤ ਕੌਰ ਨੇ ਸਾਰੇ ਵਿਦਵਾਨ ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਵਿਚਾਰ ਗੋਸਟੀ ਦੇ ਵਿਸੇ਼ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਮਾਤ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ ਬਲਕਿ ਸਾਡੇ ਇਤਿਹਾਸ-ਮਿਥਿਹਾਸ ਵਿਰਾਸਤ ਅਤੇ ਪੁਰਖਿਆਂ ਦੇ ਸਰਮਾਏ ਨੂੰ ਪੇਸ਼ ਕਰਦੀ ਹੈ।
ਗੋਸਟੀ ਦੇ ਮੁਖ ਵਕਤਾ ਡਾ. ਸਿਕੰਦਰ ਸਿੰਘ, ਮੁਖੀ ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕੀ ਪ੍ਰੋ.ਪੂਰਨ ਸਿੰਘ ਨੇ ਅੱਜ ਤੋ ਸੌ ਸਾਲ ਪਹਿਲਾਂ ਹੀ ਪੰਜਾਬੀ ਭਾਸ਼ਾ ਦੇ ਪਿਆਰ ਸਤਿਕਾਰ ਲਈ ਬਹੁਤ ਵੱਡੇ ਕਦਮ ਚੁੱਕੇ ਸਨ ਜੋ ਅੱਜ ਵੀ ਸਾਰਥਕ ਸਿੱਧ ਹੋ ਰਹੇ ਹਨ।
ਗੋਸਟਿ ਦੇ ਮੁਖ ਮਹਿਮਾਨ ਡਾ. ਕੰਵਲਜੀਤ ਸਿੰਘ ਖਡੂਰ ਸਾਹਿਬ ਨੇ ਵੀ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਅਤੇ ਉਨ੍ਹਾਂ ਦੇ ਜੀਵਨ ਉੱਤੇ ਝਾਤ ਪਾਉਂਦਿਆਂ ਦੱਸਿਆ ਕਿ ਪ੍ਰੋਫੈਸਰ ਪੂਰਨ ਸਿੰਘ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਚਾਰਿਆ ਤੇ ਪ੍ਰਸਾਰਿਆ।
ਮਾਨਯੋਗ ਉਪ-ਕੁਲਪਤੀ ਪ੍ਰੋ. ਅਰਵਿੰਦ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਗੁੰਜਨਜੋਤ ਕੌਰ ਨੂੰ ਇਸ ਪ੍ਰੋਗਰਾਮ ਲਈ ਵਧਾਈ ਦਿੰਦਿਆਂ ਆਖਿਆ ਕਿ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੈ ਇਸ ਪ੍ਰੋਗਰਾਮ ਦੀ ਲੜੀ ਵਿੱਚ ਹੋਰ ਅਨੇਕਾਂ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਰਹਿਣਗੇ ਜਿਸ ਨਾਲ ਵਿਦਵਾਨ ਸ਼ਖਸੀਅਤਾਂ ਅਤੇ ਪੰਜਾਬੀ ਮਾਂ ਬੋਲੀ ਦੇ ਮਾਣ ਨੂੰ ਵਧਾਇਆ ਜਾਵੇਗਾ।
ਗੋਸਟਿ ਸਭਾ ਵੱਲੋਂ ਸਰਦਾਰ ਰਣਜੀਤ ਸਿੰਘ ਨੇ ਸਾਰੇ ਸਰੋਤਿਆਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਰਵਿੰਦਰਪਾਲ ਸਿੰਘ ਨੇ ਕੀਤਾ। ਇਸ ਵਿਚਾਰ ਗੋਸ਼ਟੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਪ੍ਰੋਫੈਸਰ ਅਤੇ ਖੋਜਾਰਥੀ ਤੋਂ ਇਲਾਵਾ ਸਮੂਹ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਦੇ ਸਹਿ ਨਿਰਦੇਸ਼ਕ ਅਤੇ ਖੋਜਾਰਥੀ, ਸਿੱਖ ਜਥਾ ਮਾਲਵਾ, ਵਿਚਾਰ ਸਭਾ ਲੱਖੀ ਜੰਗਲ ਖਾਲਸਾ, ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦੇ ਸੰਚਾਲਕ ਅਤੇ ਖੋਜਾਰਥੀ ਸ਼ਾਮਿਲ ਹੋਏ।