ਆਮ ਖਬਰਾਂ

ਪੰਜਾਬੀ ਯੂਨੀਵਰਸਿਟੀ ਨੂੰ ਇਮਰਤਾਂ ਦਾ ਪਾਣੀ ਜਮੀਨਦੋਜ਼ ਕਰਨ ਦਾ ਸੁਝਾਅ ਦਿੱਤਾ

By ਸਿੱਖ ਸਿਆਸਤ ਬਿਊਰੋ

March 23, 2010

ਪਟਿਆਲਾ (22 ਮਾਰਚ, 2010): ਅੱਜ ਸੰਸਾਰ ਪਾਣੀ ਦਿਹਾੜੇ ਉੱਤੇ ਪੰਜਾਬ ਅੰਦਰ ਪਾਣੀ ਦੀ ਥੁੜ ਕਾਰਨ ਜਮੀਨ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਸਬੰਧੀ ਪੰਜਾਬ ਯੂਨੀਵਰਸਿਟੀ ਨੂੰ ਪਹਿਲਕਦਮੀ ਕਰਨ ਲਈ ਕਿਹਾ ਹੈ। ਫੈਡਰੇਸ਼ਨ ਦੇ ਇਕਾਈ ਪ੍ਰਧਾਨ ਸ. ਦਲਬੀਰ ਸਿੰਘ ਦੀ ਅਗਵਾਈ ਵਾਲੇ ਇੱਕ ਵਿਦਿਆਰਥੀ ਵਫਦ ਨੇ ਇਸ ਸਬੰਧੀ ਇੱਕ ਯਾਦਪੱਤਰ ਡੀਨ ਵਿਦਿਆਰਥੀ ਭਲਾਈ ਸ. ਕੁਲਬੀਰ ਸਿੰਘ ਢਿੱਲੋਂ ਦੇ ਦਫਤਰ ਵਿਖੇ ਸੌਂਪਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਅਦਾਰੇ ਵਿੱਚ ਨਵੀਆਂ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਦੀ ਛੱਤ ਦਾ ਪਾਣੀ ਜਮੀਨ ਵਿੱਚ ਪਾਉੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਮੀਨ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਵਿੱਚ ਸੁਧਾਰ ਕਰਨ ਲਈ ਪਹਿਲਕਦਮੀ ਕੀਤੀ ਜਾ ਸਕੇ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬ ਅਤੇ ਖਾਸਕਰ ਮਾਲਵੇ ਵਿੱਚ ਖਾਸਾ ਅਸਰ ਰੱਖਦੀ ਹੈ ਅਤੇ ਇਸ ਅਦਾਰੇ ਵੱਲੋਂ ਚੁੱਕੇ ਗਏ ਕਦਮ ਪੰਜਾਬ ਦੇ ਲੋਕਾਂ ਲਈ ਪ੍ਰੇਰਣਾ ਦਾ ਸੋਮਾ ਬਣ ਸਕਦੇ ਹਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਆਗੂਆਂ ਕਮਲਜੀਤ ਸਿੰਘ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਮੀਨੀ ਪਾਣੀ 145 ਫੀਸਦੀ ਦੀ ਦਰ ਨਾਲ ਕੱਢਿਆ ਜਾ ਰਿਹਾ ਹੈ ਅਤੇ ਇਸ ਦੀ ਭਰਪਾਈ ਨਹੀਂ ਹੋ ਰਹੀ। ਜਿਸ ਕਾਰਨ ਪੰਜਾਬ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਉਨਾਂ ਦੱਸਿਆ ਕਿ ਫੈਡਰੇਸ਼ਨ ਦੀ ਇਕਾਈ ਇਸ ਸਬੰਧੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਖਾਸ ਉਪਰਾਲੇ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: