Site icon Sikh Siyasat News

ਪੋਚੇ ਦੇ ਡਰੋਂ ਚੰਡੀਗੜ੍ਹ ਵਿੱਚ ਤਖਤੀਆਂ ’ਤੇ ਦਿਸਣ ਲੱਗੀ ਪੰਜਾਬੀ

ਚੰਡੀਗੜ੍ਹ: ਪੰਜਾਬੀ ਹਿਤੈਸ਼ੀਆਂ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉਣ ਲਈ ਕੀਤੀ ਜਾ ਰਹੀ ਜੱਦੋ-ਜਹਿਦ ਦਾ ਕੁਝ ਅਸਰ ਦਿਖਣਾ ਸ਼ੁਰੂ ਹੋਇਆ ਹੈ। ਇਸ ਦੀ ਤਾਜ਼ਾ ਮਿਸਾਲ ਸੈਕਟਰ-17 ਸਥਿਤ ਆਮਦਨ ਕਰ ਭਵਨ ਵਿੱਚ ਲੱਗੇ ਮੁੱਖ ਪ੍ਰਿੰਸੀਪਲ ਚੀਫ ਕਮਿਸ਼ਨਰ ਕਰ ਵਿਭਾਗ (ਉਤਰੀ-ਪੱਛਮੀ ਖੇਤਰ) ਵਿੱਚ ਲੱਗੇ ਬੋਰਡ ਤੋਂ ਮਿਲਦੀ ਹੈ।

ਬੀਤੇ ਦਿਨੀਂ ਇਕ ਪੰਜਾਬੀ ਅਖਬਾਰ ਨੇ ਆਪਣੀ ਖਬਰ ਵਿਚ ਇਹ ਤੱਥ ਉਜਾਗਰ ਕੀਤਾ ਕਿ ਇਸ ਬੋਰਡ ’ਤੇ ਹੁਣ ਪੰਜਾਬੀ ਭਾਸ਼ਾ ਵਿੱਚ ਵੀ ਇਸ ਦਫ਼ਤਰ ਦਾ ਸਿਰਨਾਮਾ ਦਰਜ਼ ਕਰ ਦਿੱਤਾ ਗਿਆ ਹੈ। ਮਾਂ ਬੋਲੀ ਪੰਜਾਬੀ ਲਈ “ਡਾਂਗ-ਸੋਟਾ” ਗਰੁੱਪ ਚਲਾ ਰਹੇ ਬਲਜੀਤ ਸਿੰਘ ਖਾਲਸਾ ਨੇ ਪਿਛਲੇ ਦਿਨੀਂ ਭਾਰਤ ਸਰਕਾਰ ਦੇ ਕਰ ਵਿਭਾਗ ਵੱਲੋਂ ਲਾਏ ਬੋਰਡ ਵਿੱਚ ਪੰਜਾਬੀ ਭਾਸ਼ਾ ਅੰਕਿਤ ਨਾ ਕਰਨ ਕਾਰਨ ਉਸ ਉਪਰ ਕਾਲਖ ਪੋਚ ਦਿੱਤੀ ਸੀ। ਪੁਲਿਸ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ “ਡੀ-ਫੇਸਮੈਂਟ ਐਕਟ” ਤਹਿਤ ਕੇਸ ਦਰਜ ਕਰਨ ਉਪਰੰਤ ਉਸੇ ਦਿਨ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ ਪਰ ਅਦਾਲਤ ਵਿੱਚ ਕੇਸ ਹਾਲੇ ਵੀ ਚੱਲ ਰਿਹਾ ਹੈ।

ਪੰਜਾਬੀ ਬੋਲੀ ਦੇ ਹੱਕ ‘ਚ “ਡਾਂਗ-ਸੋਟਾ” ਗਰੁੱਪ ਚਲਾ ਰਹੇ ਬਲਜੀਤ ਸਿੰਘ ਖਾਲਸਾ

ਭਾਵੇਂ ਪੁਲਿਸ ਨੇ ਸਰਕਾਰੀ ਦਫਤਰ ਦੇ ਸਾਈਨ ਬੋਰਡ ਉਪਰ ਕਾਲਖ ਪੋਚਣ ਦੇ ਦੋਸ਼ ਤਹਿਤ ਬਲਜੀਤ ਖਾਲਸਾ ਨੂੰ ਮੁਲਜ਼ਮ ਬਣਾ ਲਿਆ ਹੈ ਪਰ ਦੂਜੇ ਪਾਸੇ ਕਰ ਵਿਭਾਗ ਨੇ ਆਪਣੀ ਗਲਤੀ ਦੀ ਸੁਧਾਈ ਕਰਦਿਆਂ ਅੱਜ ਸਾਈਨ ਬੋਰਡ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰ ਲਿਆ ਹੈ।

ਦੱਸਣਯੋਗ ਹੈ ਕਿ ਇਸੇ ਤਰ੍ਹਾਂ ਪੰਜਾਬ ਦੇ ਕੌਮੀ ਮਾਰਗਾਂ ਦੇ ਸਾਈਨ ਬੋਰਡਾਂ ਵਿੱਚੋਂ ਪੰਜਾਬੀ ਭਾਸ਼ਾ ਗਾਇਬ ਕਰਨ ਦੇ ਰੋਸ ਵਜੋਂ ਜਦੋਂ ਲੱਖਾ ਸਿਧਾਣਾ ਵੱਲੋਂ ਬੋਰਡਾਂ ਉਪਰ ਕਾਲਖ ਪੋਚੀ ਸੀ ਤਾਂ ਪੰਜਾਬ ਪੁਲਿਸ ਨੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਉਂਜ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਕੈਪਟਨ ਸਰਕਾਰ ਨੇ ਇਹ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ।

ਆਮਦਨ ਕਰ ਭਵਨ ਸੈਕਟਰ-17 ਮੂਹਰੇ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਕਈ ਉਚ ਅਧਿਕਾਰੀਆਂ ਦੇ ਸਾਈਨ ਬੋਰਡਾਂ ਉਪਰ ਕਾਲਖ ਪੋਚਣ ਕਾਰਨ ਅਦਾਲਤ ਵਿੱਚ ਜ਼ੁਰਮਾਨੇ ਭੁਗਤ ਚੁੱਕਿਆ ਹੈ। ਉਸ ਨੇ ਯੂਟੀ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਦੇ ਵਿਭਾਗਾਂ ਨੂੰ 31 ਦਸੰਬਰ ਤੱਕ ਸਾਈਨ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਸ਼ਾਮਲ ਕਰਨ ਦੀ ਚਿਤਾਵਨੀ ਦਿੰਦਿਆਂ ਦੱਸਿਆ ਕਿ 10 ਦਸੰਬਰ ਨੂੰ ਸੈਕਟਰ-34 ਵਿੱਚ ਡਾਂਗ-ਸੋਟਾ ਗਰੁੱਪ ਦੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਘੜੀ ਜਾਵੇਗੀ।

ਸਬੰਧਤ ਖ਼ਬਰ:

ਹਿੰਦੂ ਰਾਸ਼ਟਰਵਾਦ ਦੇ ਉਭਾਰ ਨੇ ਪੰਜਾਬੀ ਭਾਸ਼ਾ ਲਈ ਖੜ੍ਹੇ ਕੀਤੇ ਨਵੇਂ ਖ਼ਤਰੇ (ਲੇਖਕ: ਜਸਪਾਲ ਸਿੰਘ ਸਿੱਧੂ) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version