ਪਟਿਆਲਾ (29 ਦਸੰਬਰ, 2014): ਅੱਜ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ ਵੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਥਾਪਿਤ ਭਾਈ ਵੀਰ ਸਿੰਘ ਚੇਅਰ ਨਾਲ ਮਿਲਕੇ ਭਾਈ ਵੀਰ ਸਿੰਘ ਦੇ ਜਨਮ ਦਿਨ (5 ਦਸੰਬਰ) ਨੂੰ ਹਰ ਸਾਲ ਪੰਜਾਬੀ ਬੋਲੀ ਦਿਹਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ।
ਇਸ ਬਾਰੇ ਸਭਾ ਦੇ ਪ੍ਰਧਾਨ ਸ. ਜਗਤਾਰ ਸਿੰਘ ਝੰਡੂਕੇ ਨੇ ਕਿਹਾ ਕਿ ਅਸੀਂ ਜਾਣਦੇ ਹੀ ਹਾਂ ਕਿ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ ਅਤੇ ਮੋਢੀ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖ਼ਜਾਨੇ ਨੂੰ ਭਰਪੂਰ ਕੀਤਾ ਅਤੇ ਇਸਦੇ ਹਰ ਸਾਹਿਤ-ਰੂਪ ਨੂੰ ਨਵੀਆਂ ਛੂਹਾਂ ਬਖ਼ਸ਼ੀਆਂ। ਉਹ ਸਾਰੀ ਉਮਰ ਸਾਹਿਤ ਸਿਰਜਨਾ ਲਈ ਅਣਥੱਕ ਘਾਲਣਾ-ਘਾਲਦੇ ਰਹੇ, ਜਿਸ ਦੇ ਫਲਸਰੂਪ ਪੰਜਾਬੀ ਕਾਵਿ, ਗਲਪ, ਨਾਟਕ, ਵਾਰਤਕ, ਪੱਤਰਕਾਰੀ, ਸੰਪਾਦਨ ਤੇ ਕੋਸ਼ਕਾਰੀ ਵਿਚ ਨਿੱਗਰ ਵਾਧਾ ਹੋਇਆ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਜਦੋਂ ਸਾਡੀ ਅੱਜ ਦੀ ਪੀੜ੍ਹੀ ਅਨੇਕਾਂ ਭੌਤਿਕ ਸਮੱਸਿਆਵਾਂ ਅਤੇ ਮਾਨਸਿਕ ਗੁੰਝਲਾਂ ਵਿੱਚੋਂ ਲੰਘ ਰਹੀ ਹੈ ਤਾਂ ਇਸਨੂੰ ਸਹੀ ਰਾਹ ਆਪਣੀਆਂ ਜੜ੍ਹਾਂ ਨਾਲ ਜੁੜਕੇ ਹੀ ਮਿਲ ਸਕਦਾ ਹੈ। ਦੂਜੇ ਪਾਸੇ ਯੂਨੈਸਕੋ ਦੀ ਭਾਸ਼ਾਵਾਂ ਦੇ ਖਾਤਮੇ ਸਬੰਧੀ ਆਈ ਰਿਪੋਰਟ ਤੋਂ ਬਾਅਦ ਅਤੇ ਇਸ ਵਿਸ਼ਵੀਕਰਨ ਦੇ ਯੁੱਗ ਵਿਚ ਆਲਮੀ ਪੱਧਰ ’ਤੇ ਸਾਰੀਆਂ ਕੌਮਾਂ ਆਪਣੀਆਂ ਭਾਸ਼ਾਵਾਂ, ਸੱਭਿਆਚਾਰ, ਪ੍ਰੰਪਰਾਵਾਂ ਤੇ ਰੀਤੀ-ਰਿਵਾਜਾਂ ਨੂੰ ਸੰਭਾਲਣ ਦਾ ਯਤਨ ਕਰ ਰਹੀਆਂ ਹਨ।
ਭਾਰਤ ਵਿਚ ਵੀ ਹਿੰਦੀ ਭਾਸ਼ਾ ਸਮੇਤ ਵੱਖ-ਵੱਖ ਖੇਤਰੀ ਭਾਸ਼ਾਵਾਂ ਦੇ ਆਪਣੇ-ਆਪਣੇ ਬੋਲੀ ਦਿਹਾੜੇ ਮਨਾ ਕੇ ਆਪਣੀ ਭਾਸ਼ਾ ਸਬੰਧੀ ਵਿਚਾਰ-ਚਰਚਾ ਅਤੇ ਵਿਕਾਸ ਦੇ ਯਤਨ ਕੀਤੇ ਜਾਂਦੇ ਹਨ। ਪਰ ਪੰਜਾਬੀ ਬੋਲੀ ਲਈ ਅਜਿਹਾ ਕੋਈ ਦਿਹਾੜਾ ਨਿਸ਼ਚਿਤ ਨਹੀਂ ਸੋ ਅਜਿਹੇ ਸਮੇਂ ਇਕ ਮਹਾਨ ਵਿਆਖਿਆਕਾਰ, ਸਮਾਜ-ਸੇਵੀ, ਗੰਭੀਰ ਚਿੰਤਨ ਦੇ ਜਨਮਦਿਨ ਨੂੰ ‘ਪੰਜਾਬੀ ਬੋਲੀ ਦਿਹਾੜਾ’ ਵੱਜੋਂ ਮਨਾਉਣਾ ਪੰਜਾਬੀ ਬੋਲੀ ਦੇ ਇਸ ਸਪੂਤ ਅਤੇ ਮਾਂ ਬੋਲੀ ਪੰਜਾਬੀ ਦਾ ਰਸਮੀ ਸੁਭਾਗੀ ਮੇਲ ਹੈ। ਮਾਂ ਬੋਲੀ ਦੇ ਇਸ ਸਪੂਤ ਨੇ ਸਾਰੀ ਉਮਰ ਇਹ ਮੇਲ ਮਾਣਿਆ ਤੇ ਜੀਵਿਆ ਹੈ।
ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜਾ ਵਜੋਂ ਮਨਾਉਣਾ ਭਾਈ ਵੀਰ ਨੂੰ ਭਾਈ ਸਾਹਿਬ ਦੇ ਵਾਰਸਾਂ ਵੱਲੋਂ ਸਨੇਹ ਪੂਰਨ ਤੋਹਫਾ ਹੈ ਤੇ ਨਾਲ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਪ੍ਰਣ ਹੈ।
ਉਨ੍ਹਾਂ ਕਿਹਾ ਹੈ ਕਿ ਸਭਾ, ਪੰਜਾਬੀ ਬੋਲੀ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ। ਇਸੇ ਕੜੀ ਵਜੋਂ ਸਭਾ ਵੱਲੋਂ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਉਣ ਲਈ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਕਈ ਅਦਾਰਿਆਂ ਵਲੋਂ ਇਸ ਪ੍ਰਤੀ ਸਕਾਰਾਤਮਕ ਹੁੰਗਾਰਾ ਭਰਿਆ ਗਿਆ ਹੈ।
ਇਸ ਸਬੰਧੀ ਮੁੱਖ ਸਮਾਗਮ (5 ਦਸੰਬਰ) ਨੂੰ ਪੰਜਾਬੀ ਯੂਨੀਵਰਸਿਟੀ (ਸੰਨੀ ਉਬਰਾਏ ਆਰਟਸ ਆਡੀਟੋਰੀਆਮ) ਵਿਚ ਕਰਵਾਇਆ ਜਾ ਰਿਹਾ ਹੈ। ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ । ਬੇਨਤੀ ਹੈ ਕਿ ਹਰ ਸੰਸਥਾ, ਹਰ ਪਿੰਡ, ਹਰ ਨਗਰ, ਹਰ ਸ਼ਹਿਰ ਵਿਚ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਉਣ।