ਸਾਹਿਬਜ਼ਾਦਾ ਅਜੀਤ ਸਿੰਘ ਨਗਰ (31 ਅਕਤੂਬਰ, 2010): 3 ਨਵੰਬਰ ਨੂੰ ਅਸੀਂ ਸਿੱਖ ਕਤਲੇਆਮ ਦੇ ਮੁੱਦੇ ’ਤੇ ਦੇਸ਼ ਦੇ ਨਿਜ਼ਾਮ ਦਾ ਧਿਆਨ ਖਿੱਚਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਦਿਨ ਪੰਜਾਬ ਦੇ ਬਜ਼ਾਰ, ਕਾਰੋਬਾਰੀ ਅਦਾਰੇ ਤੇ ਵਿਦਿਅਕ ਸੰਸਥਾਵਾਂ ਤੋਂ ਬਿਨਾਂ ਰੇਲ ਆਵਾਜਈ ਵੀ ਰੋਕੀ ਜਾਵੇਗੀ ਤਾਂ ਜੋ ਇਸ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਾਰਨ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਮਾਮਲਾ ਦਿੱਲੀ ਸਮੇਤ ਸਮੁੱਚੇ ਦੇਸ਼ ਦੇ ਧਿਆਨ ਵਿਚ ਲਿਆਂਦਾ ਜਾ ਸਕੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਅਤੇ ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਨੇ ਪੰਜਾਬ ਦੇ ਸਮੁੱਚੇ ਵਰਗਾਂ ਤੇ ਹਰ ਧਰਮਾ ਦੇ ਲੋਕਾਂ ਨੂੰ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।ਉਕਤ ਆਗੂਆਂ ਨੇ ਕਿਹਾ ਕਿ ਸਿੱਖ ਕਤਲੇਆਮ ਨੂੰ 26 ਸਾਲ ਬੀਤ ਗਏ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਦੇਸ਼ ਦੀ ਨਿਆਂ-ਵਿਵਸਥਾ ਨਿਆਂ ਦੇ ਨਾਂ ਹੇਠ ਪੀੜਤਾਂ ਨਾਲ ਮਜ਼ਾਕ ਕਰਦੀਆਂ ਆ ਰਹੀਆਂ ਹਨ। ਦੇਸ਼ ਦਾ ਨਿਜ਼ਾਮ ਦੋਸ਼ੀਆਂ ਨੂੰ ਸਜ਼ਾਵਾਂ ਨਾ ਨੇ ਦੇ ਕੇ ਅਤ ੇਪੀੜਤਾਂ ਨੂੰ ਕੋਰਟਾਂ ਕਚਿਹਰੀਆਂ ਵਿੱਚ ਖੁੱਜਲ-ਖੁਆਰ ਕਰਕੇ ਸਿੱਖਾਂ ਨੂੰ ਸਥਾਪਤ ਧਿੜ ਦੇ ਗੁਲਾਮ ਹੋਣ ਦਾ ਅਹਿਸਾਸ ਲਗਾਤਾਰ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੰਬਈ ਦੀ ਮੁਠਭੇੜ ਦਾ ਫੈਸਲਾ ਤਾਂ ਇਕ ਨਿਸਚਿਤ ਸਮੇਂ ਵਿਚ ਕਰ ਦਿੱਤਾ ਗਿਆ ਪਰ ਮੁੰਬਈ ਮੁਠਭੇੜ ਤੋਂ ਕਿਤੇ ਵੱਡੇ ਇਸ ਦੁਖਾਂਤ ਦੇ ਪੀੜਤਾਂ ਨੂੰ ਸਿਰਫ਼ ਸਿੱਖ ਹੋਣ ਕਾਰਨ ਹੀ ਇਨਸਾਫ਼ ਨਹੀਂ ਮਿਲ ਰਿਹਾ ਸਗੋਂ ਸਿੱਖ ਹੋਣ ਦੀ ਸਜ਼ਾ ਪਹਿਲਾਂ ਉਨ੍ਹਾਂ ਨੇ ਅਪਣੇ ਲੋਕਾਂ ਨੂੰ ਗਵਾ ਕੇ ਭੁਗਤੀ ਤੇ ਹੁਣ ਭਾਰਤੀ ਰਾਜ ਪ੍ਰਬੰਧ ਹੱਥੋਂ 26 ਸਾਲਾਂ ਤੋਂ ਜ਼ਲੀਲ ਹੋ ਕੇ ਅਪਣੇ ਸਿੱਖ ਹੋਣ ਦੀ ਸਜ਼ਾ ਭੁਗਤਦੇ ਆ ਰਹੇ ਹਨ। ਉਕਤ ਆਗੂਆਂ ਨੇ ਪੰਜਾਬ ਦੇ ਹਰ ਧਰਮ ਤੇ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਨੂੰ ਮਾਨਵਤਾ ਨਾਲ ਜੁੜਿਆ ਮਸਲਾ ਸਮਝ ਕੇ ਪੰਜਾਬ ਬੰਦ ਨੂੰ ਸਫ਼ਲ ਬਣਾ ਕੇ ਆਪਸੀ ਸਦਭਾਵਨਾ ਦਾ ਸਬੂਤ ਦੇਣ।