ਲੁਧਿਆਣਾ: ਸਾਬਕਾ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੂੰ ਲੁਧਿਆਣਾ (ਪੂਰਬੀ) ਤੋਂ ਟਿਕਟ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਧੜਿਆਂ ਵਿੱਚ ਚੱਲ ਰਹੀ ਠੰਢੀ ਜੰਗ ਹੁਣ ਜੱਗ-ਜ਼ਾਹਰ ਹੋਣ ਲੱਗੀ ਹੈ।
ਮੀਡੀਆ ਦੀਆਂ ਖ਼ਬਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ, ਤਿਵਾੜੀ ਨੂੰ ਟਿਕਟ ਦੇਣ ਦੇ ਹੱਕ ਵਿੱਚ ਹਨ ਜਦਕਿ ਬਿੱਟੂ ਇੱਥੋਂ ਤਿੰਨ ਵਾਰ ਲਗਾਤਾਰ ਕੌਂਸਲਰ ਬਣਦੇ ਆ ਰਹੇ ਸੰਜੇ ਤਲਵਾਰ ਨੂੰ ਟਿਕਟ ਦਿੱਤੇ ਜਾਣ ਦੇ ਹੱਕ ਵਿੱਚ ਹਨ। ਦਿਲਚਸਪ ਗੱਲ ਇਹ ਹੈ ਕਿ ਮੁਨੀਸ਼ ਤਿਵਾੜੀ ਨੇ ਇਸ ਹਲਕੇ ਤੋਂ ਕਾਗਜ਼ ਵੀ ਨਹੀਂ ਭਰੇ ਹਨ। ਮੁਨੀਸ਼ ਤਿਵਾੜੀ ਨੇ ਕਿਹਾ ਕਿ ਪਾਰਟੀ ਚਾਹੇਗੀ ਤਾਂ ਉਹ ਲੁਧਿਆਣਾ (ਪੂਰਬੀ) ਹਲਕੇ ਤੋਂ ਚੋਣ ਲੜਨ ਲਈ ਤਿਆਰ ਹਨ। ਅਖ਼ਬਾਰੀ ਖ਼ਬਰਾਂ ਮੁਤਾਬਕ ਉਨ੍ਹਾਂ ਦੇ ਬੁਲਾਰੇ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਟਿਕਟ ਬਾਬਤ ਹਾਈਕਮਾਂਡ ਵੱਲੋ ਹਾਂ ਹੋ ਗਈ ਹੈ।
ਦੀਵਾਨ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਸੱਤ ਸੀਟਾਂ, ਜਲੰਧਰ ਦੀਆਂ ਅੱਠ ਸੀਟਾਂ ਅਤੇ ਪਠਾਨਕੋਟ ਦੀਆਂ ਤਿੰਨ ਸੀਟਾਂ ਬਾਰੇ ਹਾਲੇ ਚਰਚਾ ਨਹੀਂ ਹੋਈ। ਬਹੁਤ ਜਲਦੀ ਇਨ੍ਹਾਂ ਸੀਟਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਤਿਵਾੜੀ ਦੀ ਸੀਟ ਬਾਰੇ ਹੁਣ ਕੋਈ ਦੋ ਰਾਇ ਨਹੀਂ ਹੈ। ਇਹ ਸੂਚੀ ਦਾਖਾ, ਜਗਰਾਉਂ ਅਤੇ ਆਤਮ ਨਗਰ ਸੀਟ ਕਰਕੇ ਰੁਕੀ ਹੋਈ ਹੈ। ਪਤਾ ਲੱਗਾ ਹੈ ਕਿ ਦਾਖਾ ਤੋਂ ਹਾਈਕਮਾਂਡ ਦੇ ਕੁਝ ਆਗੂ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਅਮਰੀਕ ਸਿੰਘ ਆਲੀਵਾਲ ਨੂੰ ਟਿਕਟ ਦੇਣ ਦੇ ਹੱਕ ਵਿੱਚ ਹਨ ਪਰ ਸੰਸਦ ਮੈਂਬਰ ਬਿੱਟੂ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਹੱਕ ਵਿੱਚ ਡਟੇ ਹੋਏ ਹਨ। ਇਸ ਹਲਕੇ ਤੋਂ ਅਨੰਦ ਸਰੂਪ ਮੋਹੀ ਵੀ ਟਿਕਟ ਦੇ ਦਾਅਵੇਦਾਰ ਹਨ। ਲੁਧਿਆਣਾ (ਉੱਤਰੀ) ਤੋਂ ਰਾਕੇਸ਼ ਪਾਂਡੇ ਭਾਵੇਂ ਮੁੱਖ ਦਾਅਵੇਦਾਰ ਹਨ ਪਰ ਬਿੱਟੂ ਤੇ ਆਸ਼ੂ ਇਸ ਹਲਕੇ ਤੋਂ ਹੇਮਰਾਜ ਅਗਰਵਾਲ ਦੇ ਹੱਕ ਵਿੱਚ ਦੱਸੇ ਜਾਂਦੇ ਹਨ। ਜੇਕਰ ਅਕਾਲੀ ਦਲ ਦੇ ਮਦਨ ਲਾਲ ਬੱਗਾ ਨੂੰ ਕਾਂਗਰਸ ਟਿਕਟ ਲਈ ਹਾਂ ਕਰਦੀ ਹੈ ਤਾਂ ਉਹ ਪਾਰਟੀ ਵਿੱਚ ਆਉਣ ਦੇ ਇਛੁੱਕ ਹਨ।