Site icon Sikh Siyasat News

ਪੰਜਾਬ ਚੋਣਾਂ 2017: ਭਾਜਪਾ 23 ਸੀਟਾਂ ‘ਚ ਹੀ ਲੜੇਗੀ ਚੋਣ; 4 ਹਲਕਿਆਂ ਦੀ ਅਦਲਾ-ਬਦਲੀ ਹੋ ਸਕਦੀ ਹੈ: ਭਾਜਪਾ

ਚੰਡੀਗੜ੍ਹ: ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪਣੇ-ਆਪ ਨੂੰ ਪਾਰਟੀ ਤੋਂ ਵੱਡਾ ਸਮਝਣ ਵਾਲਿਆਂ ਲਈ ‘ਭਾਜਪਾ’ ਵਿੱਚ ਕੋਈ ਥਾਂ ਨਹੀਂ ਹੈ।

ਝਾਅ ਨੇ ਪੰਜਾਬ ਚੋਣਾਂ ਦੇ ਸਬੰਧ ਵਿੱਚ ਹਰੇਕ ਪੱਧਰ ਦੇ ਨੇਤਾਵਾਂ ਦੀ ਸ਼ਨੀਵਾਰ ਤੋਂ ਸੱਦੀ ਦੋ ਰੋਜ਼ਾ ਮੀਟਿੰਗ ਵਿੱਚ ਸਮਾਪਤੀ ਭਾਸ਼ਣ ਦਿੰਦਿਆਂ ਐਤਵਾਰ ਨੂੰ ਕਿਹਾ ਕਿ ਇਕ ਆਗੂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਵਿਅਕਤੀ ਤੋਂ ਵੱਡੀ ਹੁੰਦੀ ਹੈ ਪਰ ਕੁਝ ਆਗੂ ਪਾਰਟੀ ਨੂੰ ਛੋਟੀ ਅਤੇ ਆਪਣੀ ਸ਼ਖਸੀਅਤ ਨੂੰ ਵੱਡੀ ਸਮਝਣ ਦਾ ਭਰਮ ਪਾਲੀ ਬੈਠੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਜਪਾ ਨੇਤਾਵਾਂ ਦੀ ਪਿਛਲੱਗ ਪਾਰਟੀ ਨਹੀਂ ਸਗੋਂ ਵਰਕਰਾਂ ’ਤੇ ਆਧਾਰਿਤ ਪਾਰਟੀ ਹੈ, ਜਿਸ ਕਾਰਨ ਅਜਿਹੇ ਨੇਤਾਵਾਂ ਦੀ ਇਹ ਸੋਚ ਭਾਜਪਾ ਵਿੱਚ ਨਹੀਂ ਚੱਲ ਸਕਦੀ।

ਝਾਅ ਨੇ ਕਿਹਾ ਕਿ ਪਾਰਟੀ ਨੇ 8 ਮਹੀਨੇ ਪਹਿਲਾਂ ਹੀ ਫ਼ੈਸਲਾ ਲੈ ਲਿਆ ਸੀ ਕਿ ਸਾਲ 2017 ਦੀਆਂ ਚੋਣਾਂ ਵੀ ਅਕਾਲੀ ਦਲ ਨਾਲ ਮਿਲ ਕੇ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਭਾਜਪਾ 23 ਵਿਧਾਨ ਸਭਾ ਹਲਕਿਆਂ ਤੋਂ ਹੀ ਚੋਣ ਲੜੇਗੀ ਪਰ ਅਕਾਲੀ ਦਲ ਨਾਲ ਦੋ-ਚਾਰ ਵਿਧਾਨ ਸਭਾ ਹਲਕਿਆਂ ਦੀ ਅਦਲਾ-ਬਦਲੀ ਹੋ ਸਕਦੀ ਹੈ ਅਤੇ ਇਸ ਸਬੰਧੀ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਇਸ ਵਾਰ ਟਿਕਟਾਂ ਸਿਰਫ਼ ਜਿੱਤਣ ਦੇ ਸਮਰੱਥ ਉਮੀਦਵਾਰ ਨੂੰ ਹੀ ਦਿੱਤੀਆਂ ਜਾਣਗੀਆਂ। ਪਾਰਟੀ ਦੀ ਕੇਂਦਰੀ ਕਮੇਟੀ, ਪੰਜਾਬ ਭਾਜਪਾ ਅਤੇ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਵੱਖ-ਵੱਖ ਤੌਰ ’ਤੇ ਚੋਣਾਂ ਬਾਰੇ ਸਰਵੇ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ।

ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਪਾਰਟੀ ਕਾਰਜਕਰਤਾਵਾਂ ਅਤੇ ਅਹੁਦੇਦਾਰਾਂ ਦੇ ਦੋ ਰੋਜ਼ਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ

ਮੀਟਿੰਗ ਵਿੱਚ ਪੁੱਜੇ ਆਗੂਆਂ ਨੂੰ ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ ’ਚ 23 ਵਿਧਾਨ ਸਭਾ ਹਲਕੇ ਹੀ ਹਨ ਅਤੇ ਸਮੂਹ ਹਲਕਿਆਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਚੋਣਾਂ ਦੌਰਾਨ ਬੂਥ ਸੰਮੇਲਨਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਨ੍ਹਾਂ ਸਟੇਜ ’ਤੇ ਬੈਠੇ ਸਾਂਪਲਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਚੋਣਾਂ ਤੱਕ ਉਹ ਨੰਬਰ ਇਕ ’ਤੇ ਪ੍ਰਧਾਨ ਅਤੇ ਨੰਬਰ ਦੋ ’ਤੇ ਕੇਂਦਰੀ ਮੰਤਰੀ ਦੀ ਭੂਮਿਕਾ ਨਿਭਾਉਣਗੇ।

ਝਾਅ ਨੇ ਕਿਹਾ ਕਿ ਇਹ ਨਵੀਂ ਜੰਮੀ ਪਾਰਟੀ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਨਸ਼ੇੜੀ ਦੱਸ ਕੇ ਚੋਣਾਂ ਜਿੱਤਣ ਦੀ ਤਾਕ ਵਿੱਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਰਟੀ ਵਿਦੇਸ਼ਾਂ ਤੋਂ ਆ ਰਹੇ ਡਾਲਰਾਂ ਰਾਹੀਂ ਪੰਜਾਬ ਵਿੱਚ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਕਾਂਗਰਸ ਏਸੀ ਕਮਰਿਆਂ ਵਿੱਚ ਬੈਠ ਕੇ ਚੋਣਾਂ ਜਿੱਤਣ ਦਾ ਭਰਮ ਪਾਲੀ ਬੈਠੀ ਹੈ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਕੌਮੀ ਸਕੱਤਰ ਤਰੁਣ ਚੁੱਘ ਸਮੇਤ ਭਾਜਪਾ ਦੇ ਸਮੂਹ ਮੰਤਰੀ ਆਦਿ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version