Site icon Sikh Siyasat News

ਕਿਸਾਨ ਆਗੂ ਦੀ ਗ੍ਰਿਫਤਾਰੀ ਸਮੇਂ ਪੁਲਿਸ ਵਲੋਂ ਔਰਤਾਂ ਨਾਲ ਬਦਤਮੀਜ਼ੀ; ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ

ਸੰਗਰੂਰ: ਲੌਂਗੋਵਾਲ ਵਿੱਚ ਮੰਗਲਵਾਰ (19 ਸਤੰਬਰ) ਨੂੰ ਦੇਰ ਸ਼ਾਮ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਪੁੱਜੀ ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈ ਝੜਪ ਦੌਰਾਨ ਦੋ ਔਰਤਾਂ ਸਮੇਤ ਚਾਰ ਕਿਸਾਨ ਅਤੇ ਐਸਐਚਓ ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦੋ ਔਰਤਾਂ ਸਣੇ ਇੱਕ ਕਿਸਾਨ ਨੂੰ ਲੌਂਗੋਵਾਲ ਦੇ ਪ੍ਰਾਈਵੇਟ ਹਸਪਤਾਲ ਅਤੇ ਪੁਲਿਸ ਮੁਲਾਜ਼ਮਾਂ ਸਣੇ ਤਿੰਨ ਜਣਿਆਂ ਨੂੰ ਇੱਥੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਕਿਸਾਨ ਜਥੇਬੰਦੀਆਂ ਵੱਲੋਂ ਮੋਤੀ ਮਹਿਲ ਅੱਗੇ ਮੋਰਚਾ ਲਗਾਉਣ ਦੇ ਉਲੀਕੇ ਸੰਘਰਸ਼ ਨੂੰ ਰੋਕਣ ਲਈ ਪੁਲਿਸ ਵੱਲੋਂ ਕੱਲ੍ਹ ਤੋਂ ਕਿਸਾਨ ਆਗੂਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਮੰਗਲਵਾਰ (19 ਸਤੰਬਰ) ਦੀ ਸ਼ਾਮ ਨੂੰ ਲੌਂਗੋਵਾਲ ਦੀ ਵਡਿਆਣੀ ਪੱਤੀ ਵਿੱਚ ਜਦੋਂ ਪੁਲਿਸ ਨੇ ਛਾਪੇ ਮਾਰੇ ਤਾਂ ਉਥੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ। ਪੁਲਿਸ ਵੱਲੋਂ ਲਾਠੀਚਾਰਜ ਅਤੇ ਲੋਕਾਂ ਵੱਲੋਂ ਪੁਲਿਸ ’ਤੇ ਪਥਰਾਅ ਕੀਤਾ ਗਿਆ।

ਸੰਗਰੂਰ ਸਿਵਲ ਹਸਪਤਾਲ ਵਿੱਚ ਥਾਣਾ ਲੌਂਗੋਵਾਲ ਦੇ ਮੁਖੀ ਦੇ ਇਲਾਜ ਵਿੱਚ ਜੁਟੀ ਮੈਡੀਕਲ ਟੀਮ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਇਕਾਈ ਆਗੂ ਨੇ ਦੱਸਿਆ ਕਿ ਥਾਣਾ ਲੌਂਗੋਵਾਲ ਦੇ ਮੁਖੀ ਵਿਜੇ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਵਡਿਆਣੀ ਪੱਤੀ ਵਿੱਚ ਇਕ ਕਿਸਾਨ ਆਗੂ ਦੇ ਘਰ ਛਾਪਾ ਮਾਰਨ ਗਈ ਸੀ। ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਵੱਲੋਂ ਔਰਤਾਂ ਨਾਲ ਗਾਲੀ-ਗਲੋਚ ਕਰਦਿਆਂ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਔਰਤਾਂ ਤੇ ਹੋਰ ਲੋਕ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲੋਕਾਂ ’ਤੇ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਸੁਰਜੀਤ ਕੌਰ, ਰਣਜੀਤ ਕੌਰ, ਮਨਪ੍ਰੀਤ ਸਿੰਘ ਤੇ ਰਣਜੀਤ ਸਿੰਘ ਜ਼ਖ਼ਮੀ ਹੋ ਗਏ। ਪੁਲਿਸ ਉਪਰ ਹੋਏ ਪਥਰਾਅ ਕਾਰਨ ਥਾਣਾ ਮੁਖੀ ਵਿਜੇ ਕੁਮਾਰ ਤੇ ਮੁਨਸ਼ੀ ਹਰਦੇਵ ਸਿੰਘ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਦਾਖ਼ਲ ਕਰਵਾਇਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version