ਫਗਵਾੜਾ: ਸੀ.ਆਈ.ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਐੱਸ.ਟੀ.ਐਫ. ਨੇ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ। ਇੰਦਰਜੀਤ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੇ ਚੱਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਪੈਸ਼ਲ ਟਾਸਕ ਫੋਰਸ ਜਲੰਧਰ ਨੇ ਏ.ਆਈ.ਜੀ ਮੁਖਵਿੰਦਰ ਸਿੰਘ ਦੀ ਅਗਵਾਈ ‘ਚ ਗ੍ਰਿਫ਼ਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਪੁਲਿਸ ਲਾਈਨ ਸਥਿਤੀ ਜਲੰਧਰ ਵਿਚਾਲੇ ਘਰ ਵਿਚੋਂ ਤਲਾਸ਼ੀ ਦੌਰਾਨ ਵੱਖ-ਵੱਖ ਬੋਰਾਂ ਦੇ 385 ਰੋਂਦ, ਇੱਕ ਵਿਦੇਸ਼ੀ ਪਿਸਟਲ, ਇੱਕ .32 ਬੋਰ ਰਿਵਾਲਵਰ, ਇੱਕ ਏ.ਕੇ-47, 16 ਲੱਖ ਦੀ ਭਾਰਤੀ ਕਰੰਸੀ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ।
ਦੂਜੇ ਪਾਸੇ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇੰਦਰਜੀਤ ਸਿੰਘ ਤੋਂ 8 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਹਨਾਂ ਵਿਚੋਂ ਚਾਰ ਕਿੱਲੋ ਹੈਰੋਇਨ, ਤਿੰਨ ਕਿੱਲੋ ਸਮੈਕ ਅਤੇ ਇੱਕ ਕਿੱਲੋ ਹੋਰ ਨਸ਼ੀਲੇ ਪਦਾਰਥ ਮਿਲੇ ਹਨ। ਇਸ ਤੋਂ ਇਲਾਵਾ 16 ਲੱਖ ਰੁਪਏ ਦੀ ਭਾਰਤੀ ਕਰੰਸੀ ਸ਼ਾਮਲ ਹੈ।
ਮਿਲੀ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਦੀ ਜ਼ਿਆਦਾਤਰ ਤੈਨਾਤੀ ਫਗਵਾੜਾ ਇਲਾਕੇ ਵਿੱਚ ਹੀ ਰਹੀ ਹੈ।