ਜਨਰਲ ਸਕੱਤਰ ਐਨਟੋਨੀਓ ਗੁਟੇਰਸ

ਕੌਮਾਂਤਰੀ ਖਬਰਾਂ

ਪੰਜਾਬ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੇ ਯੂ.ਐਨ ਜਨਰਲ ਸਕੱਤਰ ਤੋਂ ਦਰਬਾਰ ਸਾਹਿਬ ਹਮਲੇ ਦੀ ਪੜਤਾਲ ਦੀ ਮੰਗ ਕੀਤੀ

By ਸਿੱਖ ਸਿਆਸਤ ਬਿਊਰੋ

October 02, 2018

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 3 ਅਕਤੂਬਰ ਨੂੰ ਦਰਸ਼ਨ ਕਰਨ ਲਈ ਆ ਰਹੇ ਸੰਯੁਕਤ ਰਾਸ਼ਟਰ (ਯੂ.ਅੇਨ.ਓ) ਦੇ ਜਨਰਲ ਸਕੱਤਰ ਐਨਟੋਨੀਓ ਗੱਟਰਸ ਨੂੰ ਪੰਜਾਬ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਚਿੱਠੀ ਲਿਖ ਕੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਪੜਤਾਲ ਸਬੰਧੀ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀਆਂ ਵਲੋਂ ਲਿਖੀ ਗਈ ਚਿੱਠੀ ਨੂੰ ਅਸੀਂ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ:

ਸੇਵਾ ਵਿਖੇ, ਐਨਟੋਨੀਓ ਗੱਟਰਸ ਸਕੱਤਰ ਜਨਰਲ, ਸੰਯੁਕਤ ਰਾਸ਼ਟਰ।

ਵਿਸ਼ਾ:- ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਪੜਤਾਲ ਸੰਬੰਧੀ।

ਸ਼੍ਰੀ ਮਾਨ ਜੀ,

ਤੁਸੀ 3 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆ ਰਹੇ ਹੋ ਸਮੁੱਚਾ ਸਿੱਖ ਜਗਤ ਤਹਾਨੂੰ ਜੀ ਆਇਆ ਆਖਦਾ ਹੈ। ਅਸੀਂ ਤੁਹਾਡੇ ਨੋਟਿਸ ਵਿੱਚ ਜੂਨ 1984 ਵਿੱਚ ਸਿੱਖਾਂ ਦੇ ਪਵਿੱਤਰ ਅਸਥਾਨ ਤੇ ਮਨੁੱਖਤਾ ਦੇ ਚਾਨਣ ਮਨਾਰੇ ਉੱਪਰ ਭਾਰਤੀ ਫੌਜਾਂ ਵੱਲੋਂ 72 ਘੰਟੇ ਤੋਪਾਂ, ਟੈਂਕਾਂ ਨਾਲ ਕੀਤੀ ਬੰਬਾਰੀ ਦਾ ਮਾਮਲਾ ਲਿਆ ਰਹੇ ਹਾਂ। ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਤੋਰ ਤੇ ਕੀਤੇ ਗਏ ਫੌਜੀ ਹਮਲੇ ਸਮੇਂ ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਸਮੇਤ ਕਿਸੇ ਵੀ ਸਿੱਖ ਦੀ ਲਾਸ਼ ਉਨ੍ਹਾਂ ਦੇ ਵਾਰਿਸਾਂ ਨੂੰ ਨਹੀ ਸੌਂਪੀ ਗਈ। ਮਨੁੱਖਤਾ ਦੇ ਕਾਤਿਲਾਂ ਵੱਲੋਂ ਕੀਤੇ ਗਏ ਇਸ ਹਮਲੇ ਦੀ ਅੱਜ ਤੱਕ ਕੋਈ ਪੜਤਾਲ ਨਹੀ ਕਰਵਾਈ ਗਈ। ਸਾਰੀਆ ਹਿੰਦੁਤਵੀ ਪਾਰਟੀਆਂ ਨੇ ਫੌਜੀ ਹਮਲੇ ਦੇ ਸੋਹਲੇ ਗਾਏ ਹਨ। 1919 ਵਿੱਚ ਜੱਲ੍ਹਿਆਵਾਲਾ ਬਾਗ ਵਿੱਚ ਹੋਏ ਗੋਲੀ ਕਾਂਡ ਸਮੇਂ 10 ਮਿੰਟ ਚੱਲੀ ਗੋਲੀ ਦੀ ਅੰਗਰੇਜ ਸਰਕਾਰ ਨੇ ਪੜਤਾਲ ਕਰਾਈ। ਕਾਂਗਰਸ ਨੇ ਵੱਖਰਾ ਪੜਤਾਲੀਆ ਕਮਿਸ਼ਨ ਬਣਾਇਆ। ਉਸ ਸਮੇਂ ਦੇ ਸੈਕਟਰੀ ਆਫ ਸਟੇਟ ਨੇ ਇਸ ਕਾਰਵਾਈ ਨੂੰ ਸਰਕਾਰੀ ਅੱਤਵਾਦ ਦੱਸਿਆ। ਗੱਦਾਰ ਬਾਦਲਕਿਆਂ ਦੀ ਚੰਡਾਲ ਚੋਂਕੜੀ ਵੀ ਫੌਜੀ ਹਮਲੇ ਦੀ ਯੋਜਨਾਬੰਧੀ ਵਿੱਚ ਸ਼ਾਮਲ ਹੋ ਗਈ। ਨਿਰਲੱਜਤਾ ਦੀ ਸਿਖਰ ਸੀ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕਰਕੇ ਇਤਿਹਾਸਿਕ ਧਾਰਮਿਕ ਸਾਹਿਤ ਲੁੱਟ ਲਿਆ ਗਿਆ। ਫੌਜੀ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਸਜਾਵਾਂ ਦੇਣ ਦੀ ਬਜਾਏ ਬਹਾਦਰੀ ਦੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਰਾਅ, ਆਈ.ਬੀ. ਵਰਗੀਆਂ ਖੂਫੀਆ ਏਜੰਸੀਆ ਨੇ ਸਿੱਖਾਂ ਦੀ ਕੁੱਲ ਨਾਸ਼ ਨੂੰ ਅਮਲੀ ਰੂਪ ਦੇਣ ਲਈ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾ ਕੇ ਪੇਸ਼ ਕੀਤਾ। ਅੰਤਰਰਾਸ਼ਟਰੀ ਮਾਨਵਤਾ ਕਾਨੂੰਨ ਦੀਆਂ ਬੁਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਨਿਰਦੋਸ਼ ਮਨੁੱਖਤਾ ਦੇ ਘਾਣ ਦੇ ਦੋਸ਼ੀ ਜੰਗੀ ਅਪਰਾਧ ਦੇ ਘੇਰੇ ਵਿੱਚ ਆਉਂਦੇ ਹਨ। ਮਿਤੀ 30-ਜੂਨ-2016 ਨੂੰ ਫੌਜੀ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਸ਼ਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀ ਹੋਈ। ਪੰਜਾਬ ਅੰਦਰ ਚੱਪੇ-ਚੱਪੇ ਤੇ ਝੂਠੇ ਮੁਕਾਬਲੇ ਬਣਾ ਕੇ ਸਿੱਖਾਂ ਦੀ ਕੁੱਲਨਾਸ਼ ਜਾਰੀ ਰੱਖੀ ਗਈ। ਭਾਈ ਜਸਵੰਤ ਸਿੰਘ ਖਾਲੜਾ ਨੇ ਝੂਠੇ ਮੁਕਾਬਲਿਆਂ ਦਾ ਮਾਮਲਾ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਉਠਾਇਆ ਜਿਸ ਕਾਰਨ ਪਾਪੀਆਂ ਨੇ ਉਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ। ਸਮੁੱਚੇ ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦੀ ਪੜਤਾਲ ਕਰਾਉਣ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਦੋਸ਼ੀਆਂ ਨੂੰ ਤਰੱਕੀਆਂ ਦਿੱਤੀਆਂ। ਸਮੇਂ ਸਮੇਂ ਸਰਕਾਰਾਂ ਅਤੇ ਭਾਰਤੀ ਨਿਆ ਪ੍ਰਣਾਲੀ ਨਵੰਬਰ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਵਿੱਚ ਅਸਫਲ ਰਹੀਆਂ। ਦੇਸ਼ ਅੰਦਰ ਘੱਟ ਗਿਣਤੀਆਂ, ਦਲਿੱਤਾਂ, ਕਿਸਾਨਾਂ, ਗਰੀਬਾਂ ਉੱਪਰ ਲਗਤਾਰ ਜੁਲਮ ਢਾਏ ਜਾ ਰਹੇ ਹਨ। ਜੰਗਲ ਰਾਜ ਦਾ ਬੋਲਬਾਲਾ ਹੈ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀ ਭਾਰਤ ਦੇ ਦੋਰੇ ਸਮੇਂ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਅਤੇ ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦੀ ਪੜਤਾਲ ਲਈ ਦਖਲ ਅੰਦਾਜੀ ਕਰੋ।

ਧੰਨਵਾਦ ਸਹਿਤ

ਜਸਟਿਸ ਅਜੀਤ ਸਿੰਘ ਬੈਂਸ ਪਰਮਜੀਤ ਕੌਰ ਖਾਲੜਾ ਸਰਪ੍ਰਸਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਸਰਪ੍ਰਸਤ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਰਾਂਹੀ ਐਡ. ਜਗਦੀਪ ਸਿੰਘ ਰੰਧਾਵਾ

ਦਲਬੀਰ ਸਿੰਘ ਕ੍ਰਿਪਾਲ ਸਿੰਘ ਰੰਧਾਵਾ ਸਰਪ੍ਰਸਤ ਕੇ.ਐਮ.ਓ. ਪੀ.ਐਚ.ਆਰ.ਓ.

ਸਤਵਿੰਦਰ ਸਿੰਘ ਪਲਾਸੋਰ

ਪਰਵੀਨ ਕੁਮਾਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: