Site icon Sikh Siyasat News

ਸੁੱਕਦਾ ਜਾ ਰਿਹਾ ਪੰਜਾਬ; ਦੋਆਬੇ ਦੇ 21 ਬਲਾਕਾਂ ਵਿਚ ਜ਼ਮੀਨਦੋਜ਼ ਪਾਣੀ ਦੇ ਹਾਲਾਤ ਚਿੰਤਾਜਨਕ

ਜਲੰਧਰ: ਦੋਆਬੇ ਵਿੱਚ ਜ਼ਮੀਨਦੋਜ਼ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਣ ਕਾਰਨ ਵਾਹੀਯੋਗ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ। ਸਮਾਂ ਰਹਿੰਦਿਆਂ ਜੇਕਰ ਕਿਸਾਨਾਂ ਨੇ ਵੱਧ ਪਾਣੀ ਦੀ ਖਪਤ ਵਾਲੀਆਂ ਫਸਲਾਂ ਵੱਲੋਂ ਮੂੰਹ ਨਾ ਮੋੜਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਖੇਤੀ ਲਈ ਪਾਣੀ ਘੱਟ ਮਿਲਣ ਦੇ ਨਾਲ ਲੋਕ ਪੀਣ ਵਾਲੇ ਪਾਣੀ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।

ਜ਼ਮੀਨਦੋਜ਼ ਪਾਣੀ ਦੇ ਡਿੱਗ ਰਹੇ ਪੱਧਰ ਸਬੰਧੀ ਜਿਉਲੌਜਿਸਟ ਡਿਵੀਜ਼ਨ ਨੰਬਰ ਦੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ 30 ਬਲਾਕਾਂ ਵਿਚੋਂ ਸਿਰਫ 7 ਬਲਾਕ ਹੀ ਸੁਰੱਖਿਅਤ ਜ਼ੋਨ ਵਿਚ ਹਨ, ਜਿਥੇ ਜ਼ਮੀਨਦੋਜ਼ ਪਾਣੀ ਜ਼ਮੀਨ ਵਿਚ ਜੀਰਣ ਦੇ ਮੁਕਾਬਲੇ ਘੱਟ ਕੱਢਿਆ ਜਾਂਦਾ ਹੈ।

ਜ਼ਿਲ੍ਹਾ ਜਲੰਧਰ ਵਿਚਲੇ ਬਲਾਕ ਫਿਲੌਰ ਵਿਚ 181 ਫੀਸਦੀ, ਆਦਮਪੁਰ 179 ਫੀਸਦੀ, ਨਕੋਦਰ 241 ਫੀਸਦੀ, ਸ਼ਾਹਕੋਟ 246 ਫੀਸਦੀ, ਭੋਗਪੁਰ 248 ਫੀਸਦੀ, ਜਲੰਧਰ ਪੱਛਮੀ 183 ਫੀਸਦੀ, ਲੋਹੀਆ 213 ਫੀਸਦੀ, ਨੂਰਮਹਿਲ 185 ਫੀਸਦੀ ਅਤੇ ਰੁੜਕਾ 20 ਫੀਸਦੀ ਜ਼ਮੀਨ ਵਿਚੋਂ ਪਾਣੀ ਕੱਢਿਆ ਜਾਂਦਾ ਹੈ। ਇਥੇ ਜ਼ਮੀਨ ਵਿਚੋਂ ਪਾਣੀ ਜ਼ਿਆਦਾ ਕੱਢਣ ਕਾਰਨ ਇਸ ਦੇ 10 ਬਲਾਕ ਅਤਿ ਨਾਜ਼ੁਕ ਸਥਿਤੀ ਵਿਚ ਹਨ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬੰਗਾ 139 ਫੀਸਦੀ, ਔੜ 164 ਫੀਸਦੀ, ਨਵਾਂਸ਼ਹਿਰ 94 ਫੀਸਦੀ, ਸਰੋਇਆ 61 ਫੀਸਦੀ ਤੇ ਬਲਾਚੌਰ 61 ਫੀਸਦੀ ਹੈ। ਇਸ ਜ਼ਿਲ੍ਹੇ ਵਿਚ ਦੋ ਬਲਾਕਾਂ ਦੀ ਸਥਿਤੀ ਸੁਰਖਿਅਤ, ਇਕ ਨਾਜ਼ੁਕ ਅਤੇ ਦੋ ਬਲਾਕਾਂ ਦੀ ਸਥਿਤੀ ਅਤਿ ਨਾਜ਼ੁਕ ਬਣੀ ਹੋਈ ਹੈ।

ਜ਼ਿਲ੍ਹਾ ਕਪੂਰਥਲਾ ਦੇ ਬਲਾਕ ਕਪੂਰਥਲਾ 180 ਫੀਸਦੀ, ਨਡਾਲਾ 188 ਫੀਸਦੀ, ਢਿਲਵਾਂ 203 ਫੀਸਦੀ, ਸੁਲਤਾਨਪੁਰ ਲੋਧੀ 204 ਫੀਸਦੀ ਅਤੇ ਫਗਵਾੜਾ 249 ਫੀਸਦੀ ਹੋਣ ਕਰਕੇ ਪੰਜਾਂ ਬਲਾਕਾਂ ਦੀ ਸਥਿਤੀ ਅਤਿ ਨਾਜ਼ੁਕ ਸਥਿਤੀ ਵਿਚ ਆਉਂਦੀ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ 90 ਫੀਸਦੀ, ਹਾਜੀਪੁਰ 70 ਫੀਸਦੀ, ਤਲਵਾੜਾ 70 ਫੀਸਦੀ, ਦਸੂਹਾ 113 ਫੀਸਦੀ, ਟਾਂਡਾ 168 ਫੀਸਦੀ, ਭੁੰਗਾ 63 ਫੀਸਦੀ, ਹੁਸ਼ਿਆਰਪੁਰ ਇਕ 12 ਫੀਸਦੀ, ਹੁਸ਼ਿਆਰਪੁਰ ਦੋ64 ਫੀਸਦੀ, ਮਾਹਿਲਪੁਰ 70 ਫੀਸਦੀ ਅਤੇ ਗੜ੍ਹਸ਼ੰਕਰ 114 ਫੀਸਦੀ ਹੋਣ ਕਾਰਨ ਪੰਜ ਬਲਾਕ ਸੁਰੱਖਿਅਤ ਤੇ ਪੰਜ ਬਲਾਕ ਅਤਿ ਨਾਜ਼ੁਕ ਸਥਿਤੀ ਵਿਚ ਹਨ।

ਜ਼ਮੀਨਦੋਜ਼ ਪਾਣੀ ਦੇ ਦਿਨ ਬਦਿਨ ਹੇਠਾਂ ਡਿੱਗ ਰਹੇ ਪੱਧਰ ਸਬੰਧੀ ਵਾਤਾਵਰਣ ਪ੍ਰੇਮੀ ਡਾ. ਨਿਰਮਲ ਸਿੰਘ ਤੇ ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਹਰੀ ਕ੍ਰਾਂਤੀ ਨੇ ਕਿਸਾਨਾਂ ਨੂੰ ਤਾਂ ਖੁਸ਼ਹਾਲ ਕਰ ਦਿੱਤਾ ਪਰ ਜ਼ਮੀਨ ਵਿਚ ਵਧੇਰੇ ਪਾਣੀ ਕੱਢਣ ਕਾਰਨ ਪਾਣੀ ਡੂੰਘਾ ਜਾ ਰਿਹਾ ਹੈ ਜਿਸ ਕਾਰਨ ਸਥਿਤੀ ਭਿਆਨਕ ਬਣਦੀ ਜਾ ਰਹੀ ਹੈ।

ਇਸ ਸਬੰਧੀ ਡਿਵੀਜ਼ਨ ਦੋ ਦੇ ਜਿਉਲੌਜਿਸਟ ਨੀਰਜ ਪੰਡਤ ਨੇ ਦੱਸਿਆ ਕਿ ਬਰਸਾਤ ਤੇ ਹੋਰ ਵਸੀਲਿਆਂ ਰਾਹੀਂ ਜੇ ਜ਼ਮੀਨ ਵਿਚ ਸੌ ਫੀਸਦੀ ਪਾਣੀ ਹੇਠਾਂ ਜਾਂਦਾ ਹੈ ਤਾਂ ਅਸੀਂ ਉਸ ਤੋਂ ਕਿਤੇ ਵੱਧ ਪਾਣੀ ਜ਼ਮੀਨ ਵਿਚੋਂ ਬਾਹਰ ਕੱਢ ਰਹੇ ਹਾਂ। ਕਿਸਾਨ ਖੂਹ, ਨਲਕੇ, ਜੈੱਟ ਪੰਪ ਤੇ ਸਬਮਰਸੀਬਲ ਪੰਪਾਂ ਰਾਹੀਂ ਜ਼ਮੀਨ ਵਿਚੋਂ ਪਾਣੀ ਬਾਹਕ ਕੱਢ ਰਹੇ ਹਨ। ਇਸੇ ਕਰਕੇ ਜਲੰਧਰ ਤੇ ਕਪੂਰਥਲਾ ਦੇ 15 ਬਲਾਕਾਂ ਵਿਚ ਜ਼ਮੀਨਦੋਜ਼ ਪਾਣੀ ਜ਼ਿਆਦਾ ਕੱਢਣ ਕਾਰਨ ਸਥਿਤੀ ਭਿਆਨਕ ਬਣੀ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version