November 1, 2015 | By ਸਿੱਖ ਸਿਆਸਤ ਬਿਊਰੋ
ਜਲੰਧਰ (31 ਅਕਤੂਬਰ, 2015): ਬਰਗਾੜੀ ਬੇਅਦਬੀ ਕੇਸ ਵਿੱਚ ਲੱਗੇ ਬਦਨਾਮੀ ਦੇ ਦਾਗ ਹੁਣ ਸਰਕਾਰ ਇਸ ਕੇਸ ਦੀ ਜਾਂਚ ਸੀਬੀਆਈ ਹਵਾਲੇ ਕਰਕੇ ਧੋਣਾ ਚਾਹੁੰਦੀ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਜੂਨ ਮਹੀਨੇ ਵਿੱਚ ਪਿੰਡ ਬੁਰਜ਼ ਜਵਾਹਰ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਹੋਏ ਸਨ, ਦਾ ਪਤਾ ਲਾਉਣ ਵਿੱਚ ਅਸਫਲ ਰਹੀ ਪੰਜਾਬ ਪੁਲਿਸ ਵੱਲੋਂ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਫਿਰ ਬੇਅਦਬੀ ਦੀ ਘਟਨਾਂ ਲਈ ਦੋ ਸਿੱਖ ਨੌਜਵਾਨਾਂ ਨੂੰ ਹੀ ਜਿਮੇਵਾਰ ਦੱਸਕੇ ਗ੍ਰਿਫਤਾਰ ਕਰਨ ਲਈ ਸਿੱਖ ਰੋਹ ਦਾ ਸਾਹਮਣ ਕਰਕੇ ਬਦਨਾਮ ਹੋਈ ਪੰਜਾਬ ਪੁਲਿਸ ਅਤੇ ਉਸਦੀ ਸਰਪ੍ਰਸਤ ਪੰਜਾਬ ਸਰਕਾਰ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਸੋਚ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ‘ਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਪਰ ਗੋਲੀ ਚਲਾਏ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਦਾ ਕੰਮ ਪੰਜਾਬ ਸਰਕਾਰ ਸੀ. ਬੀ. ਆਈ. ਹਵਾਲੇ ਕਰਨ ਦਾ ਮਨ ਬਣਾ ਚੁੱਕੀ ਹੈ ਤੇ ਇਸ ਸਬੰਧੀ ਰਸਮੀ ਫੈਸਲਾ ਇਕ-ਦੋ ਦਿਨਾਂ ਵਿਚ ਹੀ ਲਿਆ ਜਾ ਸਕਦਾ ਹੈ ।
ਸੂਤਰਾਂ ਮੁਤਾਬਿਕ ਸਿੱਖ ਪ੍ਰਚਾਰਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਦਿਆਂ ਰਾਹ ‘ਚ ਰੋਕੇ ਜਾਣ ਕਾਰਨ ਬੀਤੀ ਅੱਧੀ ਰਾਤ ਤੱਕ ਚੰਡੀਗੜ੍ਹ ਦੀ ਸਰਹੱਦ ਉੱਪਰ ਧਰਨਾ ਮਾਰ ਕੇ ਬੈਠਣ ਬਾਰੇ ਸਖ਼ਤ ਰੁਖ਼ ਧਾਰੇ ਜਾਣ ਕਾਰਨ ਸਰਕਾਰ ਕਸੂਤੀ ਹਾਲਤ ‘ਚ ਫਸੀ ਨਜ਼ਰ ਆ ਰਹੀ ਹੈ ।
ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਸਰਕਾਰ ਨੂੰ ਇਸ ਗੱਲ ਦੀ ਸਭ ਤੋਂ ਵਧੇਰੇ ਨਮੋਸ਼ੀ ਹੈ ਕਿ ਸਾਢੇ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ, ਪਰ ਹੁਣ ਬੀੜ ਦੀ ਭਾਲ ‘ਚ ਉਹ ਕਿਸੇ ਉੱਪਰ ਸਖ਼ਤੀ ਵਰਤੇ ਜਾਣ ਤੋਂ ਵੀ ਬੇਹੱਦ ਘਬਰਾਈ ਹੋਈ ਹੈ ਤੇ ਪੁਲਿਸ ਅਧਿਕਾਰੀ ਵੀ ਅਜਿਹੇ ਜੋਖ਼ਮ ਵਿਚ ਪੈਣ ਤੋਂ ਹੱਥ ਪਿੱਛੇ ਖਿੱਚ ਰਹੇ ਹਨ ।
ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਸੀ. ਬੀ. ਆਈ. ਹਵਾਲੇ ਕਰਨ ਨਾਲ ਸਰਕਾਰ ਨੂੰ ਕੁਝ ਸੁੱਖ ਦਾ ਸਾਹ ਆ ਸਕਦਾ ਹੈ ਪਰ ਦੂਜੇ ਪਾਸੇ ਸਰਕਾਰ ਤੇ ਚੋਟੀ ਦੀ ਪੁਲਿਸ ਅਫਸਰਸ਼ਾਹੀ ਲਈ ਬਰਗਾੜੀ ਬੇਅਦਬੀ ਕਾਂਡ ਲਈ ਜ਼ਿੰਮੇਵਾਰ ਕਹਿਕੇ ਗਿ੍ਫ਼ਤਾਰ ਕੀਤੇ ਅੰਮਿ੍ਤਧਾਰੀ ਸਕੇ ਭਰਾਵਾਂ ਦਾ ਮਾਮਲਾ ਵੀ ਗਲੇ ਦੀ ਹੱਡੀ ਬਣ ਗਿਆ ਹੈ ।
ਅਫਸਰਸ਼ਾਹੀ ਤੇ ਸਰਕਾਰ ਇਹ ਗੱਲ ਤਾਂ ਪ੍ਰਵਾਨ ਕਰੀ ਬੈਠੀ ਹੈ ਕਿ ਸਕੇ ਭਰਾਵਾਂ ਦੀ ਗਿ੍ਫ਼ਤਾਰੀ ਗਲਤ ਹੋਈ ਹੈ ਤੇ ਇਸ ਕਾਂਡ ‘ਚ ਵਿਦੇਸ਼ੀ ਹੱਥ ਦਾ ਕੀਤਾ ਗਿਆ ਦਾਅਵਾ ਵੀ ਗਲਤ ਹੈ । ਇਸ ਕਰਕੇ ਸਰਕਾਰ ਤੇ ਅਫਸਰਸ਼ਾਹੀ ਆਪਣੇ ਇਸ ਕਮਜ਼ੋਰ ਪੱਖ ਨੂੰ ਖਤਮ ਕਰਨ ਲਈ ਉਨ੍ਹਾਂ ਦਾ ਕੇਸ ਪਹਿਲੋਂ ਹੀ ਰੱਦ ਕਰਕੇ ਬਾਅਦ ‘ਚ ਸੀ. ਬੀ. ਆਈ. ਜਾਂਚ ਦੀ ਸਿਫਾਰਸ਼ ਕਰਨ ਬਾਰੇ ਸੋਚ ਰਹੀ ਹੈ, ਕਿਉਂਕਿ ਜੇ ਸੀ. ਬੀ. ਆਈ. ਦੀ ਜਾਂਚ ਬਾਅਦ ਕੇਸ ਰੱਦ ਹੁੰਦਾ ਹੈ ਤਾਂ ਇਹ ਸਰਕਾਰ ਲਈ ਹੋਰ ਵੀ ਵੱਡੀ ਨਮੋਸ਼ੀ ਦਾ ਕਾਰਨ ਬਣ ਸਕਦਾ ਹੈ ।
ਵਰਨਣਯੋਗ ਹੈ ਕਿ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਜਾਂਚ ਕਮੇਟੀ ਦੇ ਮੁਖੀ ਏ. ਡੀ. ਜੀ. ਪੀ. ਇੰਦਰਪ੍ਰੀਤ ਸਿੰਘ ਸਹੋਤਾ ਨੇ ਦੋ ਸਕੇ ਭਰਾਵਾਂ ਦੀ ਗਿ੍ਫ਼ਤਾਰੀ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਇਸ ਕਾਂਡ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਦਾਅਵਾ ਕੀਤਾ ਸੀ, ਪਰ ਬਾਅਦ ਵਿਚ ਵਿਦੇਸ਼ਾਂ ਤੋਂ ਪੈਸਾ ਭੇਜਣ ਵਾਲਿਆਂ ਵੱਲੋਂ ਪੈਸਾ ਸਹਾਇਤਾ ਲਈ ਭੇਜਣ ਬਾਰੇ ਦਿੱਤੇ ਬਿਆਨ ਨੇ ਸਾਰੇ ਮਾਮਲੇ ਦਾ ਹੀ ਪਾਜ ਖੋਲ੍ਹ ਦਿੱਤਾ ਸੀ ।
Related Topics: CBI, Incident of Beadbi of Guru Granth Shaib at Bargar Village, Punjab Government, Punjab Police, Rupinder Singh Panjgaraian