ਚੰਡੀਗੜ੍ਹ: ਸ਼ਿਲੌਂਗ ਵਿਚ ਸਿੱਖਾਂ ਨੂੰ ਸੁਰੱਖਿਆ ਦੀ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ 4 ਮੈਂਬਰੀ ਟੀਮ ਮੇਘਾਲਿਆ ਦੀ ਰਾਜਧਾਨੀ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ।
ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਟੀਮ ਸ਼ਿਲੌਂਗ ਦੇ ਗੜਬੜ ਗ੍ਰਸਤ ਇਲਾਕਿਆਂ ਦੀ ਸਥਿਤੀ ਦਾ ਉੱਥੇ ਜਾ ਕੇ ਅਨੁਮਾਨ ਲਾਵੇਗੀ ਅਤੇ ਸਿੱਖ ਭਾਈਚਾਰੇ ਨੂੰ ਹਰ ਸੰਭਵੀ ਮਦਦ ਦੇਵੇਗੀ।
ਮੁੱਖ ਮੰਤਰੀ ਨੇ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਰਵਨੀਤ ਬਿੱਟੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਅਧਾਰਤ ਮੈਂਬਰਾਂ ਦੀ ਇਸ ਟੀਮ ਨੂੰ ਸੋਮਵਾਰ ਸਵੇਰੇ ਸ਼ਿਲੌਂਗ ਨੂੰ ਚਾਲੇ ਪਾਉਣ ਵਾਸਤੇ ਆਖਿਆ ਹੈ।
ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਟੀਮ ਦੇ ਦੌਰੇ ਵਾਸਤੇ ਸੁਵਿਧਾ ਮੁਹੱਈਆ ਕਰਵਾਉਣ ਲਈ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਉਹ ਗੜਬੜ ਵਾਲੇ ਖੇਤਰਾਂ ਦਾ ਦੌਰਾ ਕਰ ਸਕਣ।
ਬੁਲਾਰੇ ਅਨੁਸਾਰ ਤਨਾਅ ਦੀਆਂ ਰਿਪੋਰਟਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸੂਬੇ ਵਿੱਚ ਸਿੱਖ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਸੰਗਮਾ ਨੂੰ ਅਪੀਲ ਵੀ ਕੀਤੀ ਹੈ।
ਬੁਲਾਰੇ ਅਨੁਸਾਰ ਆ ਰਹੀਆਂ ਰਿਪੋਰਟਾਂ ਦੇ ਕਾਰਨ ਮੁੱਖ ਮੰਤਰੀ ਨੇ ਇਹ ਟੀਮ ਸ਼ਿਲੌਂਗ ਭੇਜਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਮੇਘਾਲਿਆ ਦੇ ਮੁੱਖ ਮੰਤਰੀ ਨੇ ਸਿੱਖਾਂ ਦੀ ਸੁਰੱਖਿਆ ਸਬੰਧ ਵਿਚ ਉਨ੍ਹਾਂ ਨੂੰ ਨਿੱਜੀ ਭਰੋਸਾ ਦਿਵਾਇਆ ਸੀ। ਬੁਲਾਰੇ ਅਨੁਸਾਰੇ ਸਥਿਤੀ ਅਜੇ ਵੀ ਕਾਬੂ ਹੇਠ ਨਹੀਂ ਹੈ ਅਤੇ ਇਸ ਦੇ ਹੋਰ ਤਨਾਅਪੂਰਨ ਹੋਣ ਦੀ ਸੰਭਾਵਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਮੇਘਾਲਿਆ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਦੇ ਵੱਡੇ-ਵਡੇਰੇ ਬ੍ਰਿਟਿਸ਼ ਸਾਸ਼ਨ ਦੌਰਾਨ ਹੀ ਸ਼ਿਲੌਂਗ ਵਿਚ ਵਸ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਜ਼ਰੂਰਤ ਹੋਈ ਤਾਂ ਇਹ ਫਿਰਕੂ ਤਨਾਅ ਘਟਾਉਣ ਲਈ ਕੇਂਦਰ ਦਖਲ ਦੇਵੇਗਾ ਜਿਸ ਦੇ ਵਿਚ ਸਿੱਖ ਫਸੇ ਹੋਏ ਹਨ।