ਚੰਡੀਗੜ੍ਹ: ਪੰਜਾਬ ਅਤੇ ਹਿਮਾਚਲ ਵਿਚ ਮੀਹ ਹਟੇ ਨੂੰ ਭਾਵੇਂ ਅੱਜ ਦੋ ਦਿਨ ਬੀਤ ਗਏ ਹਨ ਪਰ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਖਬਰਖਾਨੇ ਮੁਤਾਬਕ ਪੰਜਾਬ ਦੇ ਰੋਪੜ, ਜਲੰਧਰ ਅਤੇ ਫਿਰੋਜ਼ਪੁਰ ਜਿਲ੍ਹਿਆਂ ਦੇ 300 ਤੋਂ ਵੱਧ ਪਿੰਡ ਹਾਲੀ ਵੀ ਬੁਰੀ ਤਰ੍ਹਾਂ ਨਾਲ ਹੜ੍ਹਾਂ ਦੀ ਲਪੇਟ ਵਿਚ ਹਨ। ਜਿੱਥੇ ਇਨ੍ਹਾਂ ਹੜਾਂ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਓਥੇ ਕਈ ਹਸਪਤਾਲ, ਸਕੂਲ ਅਤੇ ਨਿੱਜੀ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ ਤੇ ਸੈਂਕੜੇ ਪਿੰਡਾਂ ਦੇ ਲੋਕ ਆਪਣੇ ਹੀ ਘਰਾਂ ਦੀਆਂ ਛੱਤਾਂ ਉੱਤੇ ਘਿਰੇ ਹੋਏ ਹਨ।
1700 ਕਰੋੜ ਦੇ ਨੁਕਸਾਨ ਦਾ ਮੁੱਢਲਾ ਅੰਦਾਜ਼ਾ
ਪੰਜਾਬ ਸਰਕਾਰ ਨੇ ਹੜਾਂ ਕਾਰਨ ਹੋਏ ਨੁਕਸਾਨ ਦਾ ਮੁੱਢਲਾ ਅੰਦਾਜ਼ਾ ਰੁ: 1,700/- ਕਰੋੜ ਲਾਇਆ ਹੈ। ਇਸ ਵਿਚ ਫਸਲਾਂ ਨੂੰ ਹੋਏ ਨੁਕਸਾਨ ਦੇ 750/- ਕਰੋੜ ਰੁਪਏ ਵੀ ਸ਼ਾਮਲ ਕੀਤੇ ਗਏ ਹਨ।
ਲੋਹੀਆਂ ਦੇ 50 ਪਿੰਡ ਹਾਲੀ ਵੀ ਹੜਾਂ ਦੀ ਮਾਰ ਹੇਠ:
ਸਬ-ਤਹਿਸੀਲ ਲੋਹੀਆਂ ਖਾਸ ‘ਚ ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ।ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਤੇ ਗਿੱਦੜਪਿੰਡੀ ਵਿਖੇ ਸਤਲੁਜ ਦਰਿਆ ਦੇ ਦੋਵਾਂ ਥਾਵਾਂ ਤੋਂ ਟੁੱਟੇ ਬੰਨ੍ਹ ਕਾਰਨ ਇਲਾਕੇ ਦੇ ਕਰੀਬ 50 ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ।
ਪਾਣੀ ਵਿੱਚ ਫਸੇ ਲੋਕਾਂ ਲਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਰਾਸ਼ਨ ਦੇ ਪੈਕੇਟ ਸੁੱਟੇ ਜਾ ਰਹੇ ਹਨ।ਸ਼ਾਹਕੋਟ ਦੇ ਐਸ.ਡੀ.ਐਮ. ਡਾ. ਚਾਰੂਮਿਤਾ ਨੇ ਦੱਸਿਆ ਕਿ ਇਲਾਕੇ ਵਿੱਚ 18000 ਹੜ੍ਹ ਪੀੜਤ ਲੋਕਾਂ ਨੂੰ 36000 ਰਾਸ਼ਨ ਦੇ ਪੈਕੇਟ ਫ਼ੋਜ ਵੱਲੋਂ ਹੈਲੀਕਾਪਟਰਾਂ ਰਾਹੀਂ ਸੁੱਟੇ ਗਏ ਹਨ।ਇਹਨਾਂ ਪੈਕਟਾਂ ਵਿੱਚ 2-2 ਪਰੋਠੇ ਅਤੇ 250-250 ਗ੍ਰਾਮ ਦੀਆਂ ਪਾਣੀ ਦੀਆਂ ਬੋਤਲਾਂ ਭੇਜੀਆਂ ਗਈਆਂ ਹਨ।ਉਹਨਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ 800 ਤੋਂ ਜ਼ਿਆਦਾ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ।
ਹੜ੍ਹ ਪੀੜਤਾਂ ਦਾ ਕਹਿਣਾ ਹੈ ਕਿ ਆਮ ਲੋਕ ਵੱਡੀ ਗਿਣਤੀ ‘ਚ ਰਾਸ਼ਨ ਲੈ ਕੇ ਆ ਰਹੇ ਹਨ ਪਰ ਪਹੁੰਚਾਉਣ ਦੇ ਲਈ ਢੁਕਵੇਂ ਸਾਧਨ ਨਹੀਂ ਹਨ।ਲੋਕਾਂ ਨੇ ਪ੍ਰਸ਼ਾਸਨ ਤੋਂ ਕਿਸ਼ਤੀਆਂ ਦੀ ਮੰਗ ਕੀਤੀ ਹੈ।ਇਸ ਮੋਕੇ ਪੀੜਤਾਂ ‘ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।