ਆਮ ਖਬਰਾਂ

‘ਕਿਸਾਨ ਗੁਜ਼ਾਰਾ ਨੀਤੀ’ ਬਣਾ ਰਿਹਾ ਪੰਜਾਬ ਕਿਸਾਨ ਕਮਿਸ਼ਨ

By ਸਿੱਖ ਸਿਆਸਤ ਬਿਊਰੋ

August 10, 2017

ਚੰਡੀਗੜ੍ਹ: ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਕਿਹਾ ਹੈ ਕਿ ਕਮਿਸ਼ਨ ਕਿਸਾਨਾਂ ਦੀ ਬਿਹਤਰੀ ਲਈ ‘ਕਿਸਾਨ ਗੁਜ਼ਾਰਾ ਨੀਤੀ’ ਤਿਆਰ ਕਰ ਰਿਹਾ ਹੈ, ਜਿਸ ਵਿੱਚ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਵੱਖ ਵੱਖ ਬਦਲ ਸੁਝਾਏ ਜਾਣਗੇ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਕਿਸਾਨ ਕਮਿਸ਼ਨ ਨੂੰ ਰਾਜ ਸਰਕਾਰ ਵੱਲੋਂ ਸੰਵਿਧਾਨਿਕ ਦਰਜਾ ਦਿੱਤੇ ਜਾਣ ਨਾਲ ਕਮਿਸ਼ਨ ਨੂੰ ਤਾਕਤਾਂ ਮਿਲ ਜਾਣਗੀਆਂ ਤੇ ਰਾਜ ਸਰਕਾਰ ਨੂੰ ਕਮਿਸ਼ਨ ਦੀਆਂ ਸਿਫਾਰਸ਼ਾਂ ਨਾ ਲਾਗੂ ਕਰਨ ਬਾਰੇ ਵਿਧਾਨ ਸਭਾ ਵਿੱਚ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਪਰ ਅਜੇ ਤੱਕ ਖੇਤੀਬਾੜੀ ਨੀਤੀ ਨਹੀਂ ਬਣੀ।

ਹੁਣ ਕਮਿਸ਼ਨ ਨੇ ਖੇਤੀ ਨੀਤੀ ਭਾਵ ‘ਕਿਸਾਨ ਲਾਈਵਲੀਹੁੱਡ ਨੀਤੀ’ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਲਾਗੂ ਹੋਣ ਨਾਲ ਕਿਸਾਨਾਂ ਦੀ ਬਿਹਤਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਫਸਲ ਬੀਮਾ ਕਮੇਟੀ ਬਣਾ ਦਿੱਤੀ ਹੈ, ਜਿਹੜੀ ਚਾਰ ਪੰਜ ਮਹੀਨਿਆਂ ਅੰਦਰ ਆਪਣੀ ਰਿਪੋਰਟ ਦੇ ਦੇਵੇਗੀ।

ਜਾਖੜ ਨੇ ਕਿਹਾ ਕਿ ਕਿਸਾਨਾਂ ਲਈ ਸਹਾਇਕ ਧੰਦੇ ਬਹੁਤ ਜ਼ਰੂਰੀ ਹਨ ਤੇ ਇਨ੍ਹਾਂ ਦੇ ਵਾਧੇ ਲਈ ਕਿਸਾਨਾਂ ਨੂੰ ਠੋਸ ਸੁਝਾਅ ਦਿੱਤੇ ਜਾਣਗੇ। ਸਹਿਕਾਰੀ ਲਹਿਰ ਦੇ ਉਭਾਰ ਲਈ ਯਤਨ ਕੀਤੇ ਜਾਣਗੇ।

ਪੰਜਾਬ ਕਿਸਾਨ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਖੇਤੀਬਾੜੀ ਬਾਰੇ ਕੋਈ ਵੀ ਕੌਮਾਂਤਰੀ ਫ਼ੈਸਲਾ ਲੈਣ ਤੋਂ ਪਹਿਲਾਂ ਸੂਬਿਆਂ ਦੀ ਸਲਾਹ ਲਵੇ ਕਿਉਂਕਿ ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: