ਜਲੰਧਰ: ਬਹੁਜਨ ਸਮਾਜ ਪਾਰਟੀ ਦੀ ਸੂਬਾ ਲੀਡਰਸ਼ਿਪ ’ਤੇ ਡੇਢ ਦਹਾਕੇ ਤੋਂ ਕਾਬਜ਼ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪਾਰਟੀ ਮੁਖੀ ਮਾਇਆਵਤੀ ਨੇ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰ ਦਿੱਤਾ ਹੈ। ਕਰੀਬ ਹਫ਼ਤਾ ਪਹਿਲਾਂ ਲਖਨਊ ਵਿੱਚ ਹੋਈ ਮੀਟਿੰਗ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਕਰੀਮਪੁਰੀ ਦੇ ਪੰਜਾਬ ਪ੍ਰਧਾਨ ਰਹਿੰਦਿਆਂ ਬਸਪਾ ਦਾ ਆਧਾਰ ਤੇਜ਼ੀ ਨਾਲ ਸੁੰਗੜਿਆ ਹੈ ਤੇ ਪਾਰਟੀ ਵਿੱਚ ਧੜੇਬੰਦੀ ਵਧੀ ਹੈ। ਕਰੀਮਪੁਰੀ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਦਿਆਂ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀਆਂ ਪੰਜ ਵਿਧਾਨ ਸਭਾ ਸੀਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਸਪਾ ਵਿੱਚ ਉਨ੍ਹਾਂ ਦਾ ਵਿਰੋਧੀ ਧੜਾ ਇਸ ਗੱਲ ਤੋਂ ਖੁਸ਼ ਹੈ।
ਬਸਪਾ ਦੀ ਸੂਬਾ ਲੀਡਰਸ਼ਿਪ ਦੀ ਇੱਥੇ ਹੋਈ ਮੀਟਿੰਗ ਦੌਰਾਨ ਕਰੀਮਪੁਰੀ ਧੜੇ ਦੇ ਸਮਰਥਕਾਂ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਰੜਕਦੀ ਰਹੀ। ਵਿਰੋਧੀ ਧੜੇ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ, ਜਦੋਂ ਬਸਪਾ ਕੋਲ ਪੰਜਾਬ ਦਾ 16 ਫ਼ੀਸਦੀ ਵੋਟ ਹਿੱਸਾ ਹੁੰਦਾ ਸੀ ਜੋ ਹੁਣ ਘਟ ਕੇ ਸਿਰਫ਼ ਡੇਢ ਫ਼ੀਸਦੀ ਰਹਿ ਗਿਆ ਹੈ। ਇਸ ਗਿਰਾਵਟ ਲਈ ਪੰਜਾਬ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ। ਬਸਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਮੇਘਰਾਜ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਪਾਰਟੀ ਦੀ ਪ੍ਰਧਾਨ ਮਾਇਆਵਤੀ ਦਾ ਹੈ।