ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): 30 ਅਕਤੂਬਰ, 2017 ਨੂੰ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ਦੀ ‘ਅਸਲ ਕਹਾਣੀ’ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੀ ਵਿਪਿਨ ਸ਼ਰਮਾ ਦੇ ਘਰ ਪਾਈ ਫੇਰੀ ਤੋਂ ਬਾਅਦ ਵੀ ਬੁਝਾਰਤ ਹੀ ਬਣੀ ਰਹੀ। ਪੁਲਿਸ ਮੁਖੀ ਹਾਲਾਂਕਿ ਵਿਪਿਨ ਸ਼ਰਮਾ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਗਏ ਸੀ ਕਿ “ਦੋਸ਼ੀ ਬਖਸ਼ੇ ਨਹੀਂ ਜਾਣਗੇ” ਪਰ ਬੀਤੇ ਕਲ੍ਹ (3 ਨਵੰਬਰ, 2017) ਹੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਇੱਕ ਮੈਂਬਰ ਆਈ.ਜੀ. ਕੁੰਵਰ ਵਿਜੈ ਪਰਤਾਪ ਸਿੰਘ ਵਲੋਂ ਕੀਤੇ ਖੁਲਾਸਿਆਂ ‘ਤੇ ਅਧਿਕਾਰਤ ਤੌਰ ‘ਤੇ ਅੱਜ (4 ਨਵੰਬਰ) ਵੀ ਕੋਈ ਮੋਹਰ ਨਹੀਂ ਲਗ ਸਕੀ।
ਕਮਿਸ਼ਨਰ ਪੁਲਿਸ ਸ੍ਰੀਵਾਸਤਵਾ ਨੇ ਪਹਿਲੇ ਦਿਨ ਹੀ ਕਤਲ ਪਿੱਛੇ ‘ਖ਼ਾਲਿਸਤਾਨੀਆਂ ਦੇ ਹੱਥ’ ਦੀ ਸ਼ੰਕਾ ਪ੍ਰਗਟਾਅ ਕੇ ਸਮੁਚੇ ਮਾਹੌਲ ਨੂੰ ਗਰਮ ਕਰ ਦਿੱਤਾ ਸੀ। ਜਦਕਿ ਵਿਪਨ ਸ਼ਰਮਾ ਨੂੰ ਮਾਰਨ ਆਏ ਹਮਲਾਵਰਾਂ ਦੀ ਸੀਸੀ ਟੀਵੀ ਫੁਟੇਜ ‘ਚ ਹਮਲਾਵਰਾਂ ਦੇ ਦਸਤਾਰਾਂ ਵਾਲੇ ਦਿਖਣ ਤੋਂ ਬਾਅਦ ਕੱਟੜਵਾਦੀ ਹਿੰਦੂ ਜਥੇਬੰਦੀਆਂ ਨੂੰ ਸਿੱਖਾਂ ਖਿਲਾਫ ਬੋਲਣ ਦਾ ਬਹਾਨਾ ਮਿਲ ਗਿਆ। ਇਨ੍ਹਾਂ ਕੱਟੜਪੰਥੀ ਜਥੇਬੰਦੀਆਂ ਵਲੋਂ ਬੰਦ ਦੇ ਸੱਦੇ ਵਾਲੇ ਦਿਨ ਸਿੱਖਾਂ ਖਿਲਾਫ ਜ਼ਹਿਰ ਉਗਲੀ ਗਈ। ਵਿਸ਼ੇਸ਼ ਜਾਂਚ ਟੀਮ ਦੇ ਆਈ.ਜੀ. ਕੁੰਵਰ ਵਿਜੈ ਪਰਤਾਪ ਸਿੰਘ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪੁਲਿਸ ਵਿਪਿਨ ਸ਼ਰਮਾ ਕਤਲ ਦੀ ਸਾਰੀ ਕਹਾਣੀ ਮੀਡੀਆ ਸਾਹਮਣੇ ਨਸ਼ਰ ਕਰੇਗੀ ਪਰ ਅਜਿਹਾ ਅੱਜ ਵੀ ਨਾ ਹੋ ਸਕਿਆ।
ਮੀਡੀਆ ਰਿਪੋਰਟਾਂ ‘ਚ ਸਾਹਮਣੇ ਆਇਆ ਕਿ ਵਿਪਨ ਸ਼ਰਮਾ ਨੂੰ ਗੋਲੀਆਂ ਮਾਰਨ ਵਾਲਿਆਂ ਵਿੱਚ ਸਾਰਜ ਮਿੰਟੂ ਤੇ ਸ਼ੁਭਮ ਨਾਮੀ ਦੋ ਗੈਂਗਸਟਰ ਹਨ। ਸ਼ੁਭਮ ਨੇ ਗੋਲੀ ਕਿਉਂ ਮਾਰੀ ਇਸਦਾ ਰਾਜ ਖੁੱਲ੍ਹਿਆ ਕਿ ਸ਼ੁਭਮ ਦੇ ਪਿਤਾ ਬਲਵਿੰਦਰ ਸਿੰਘ ਕਾਲੂ ਜੋ ਕਿ ਪੁਲਿਸ ਮੁਲਾਜ਼ਮ ਸੀ, ਨੂੰ ਸਿਮਰਨ ਨਾਮੀ ਇਕ ਹੋਰ ਗੈਂਗਸਟਰ ਨੇ ਗੋਲੀਆਂ ਮਾਰਕੇ ਖਤਮ ਕਰ ਦਿੱਤਾ ਸੀ। ਪੁਲਿਸ ਨੇ ਇਸ ਗੈਂਗਸਟਰ ਦੇ ਘਰ ਪ੍ਰੀਵਾਰ ਨੂੰ ਹੱਥ ਪਾਇਆ ਤਾਂ ਵਿਪਨ ਸ਼ਰਮਾ ਨੇ ਆਪਣਾ “ਰਸੂਖ” ਵਰਤਕੇ ਬਲਵਿੰਦਰ ਸਿੰਘ ਦੇ ਕਾਤਲ ਨੂੰ ਹਵਾਲਾਤ ਤੋਂ ਬਾਹਰ ਲੈਂ ਆਂਦਾ। ਕੀ ਵਿਪਨ ਸ਼ਰਮਾ ਵਾਕਿਆ ਹੀ ਐਨੀ ਪਹੁੰਚ ਵਾਲਾ ਸੀ ਕਿ ਉਸਦੇ ਕਹਿਣ ‘ਤੇ ਕਤਲ ਦੇ ਦੋਸ਼ੀ ਨੂੰ ਛੱਡ ਦਿੱਤਾ ਗਿਆ। ਇਸੇ ਦੌਰਾਨ ਇਹ ਵੀ ਚਰਚਾ ਛਿੜੀ ਕਿ ਸਾਰਜ ਮਿੰਟੂ, ਸ਼ੁਭਮ, ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਬੌਬੀ ਮਲਹੋਤਰਾ ਦੀ ਆਪਸ ਵਿੱਚ ਕਾਫੀ ਨੇੜਤਾ ਹੈ। ਇਸੇ ਦੌਰਾਨ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਅੱਜ ਅੰਮ੍ਰਿਤਸਰ ਪੁਜੇ, ਪੁਲਿਸ ਅਧਿਕਾਰੀਆਂ ਅਤੇ ਵਿਸ਼ੇਸ਼ ਜਾਂਚ ਟੀਮ ਨਾਲ ਗੱਲਬਾਤ ਕੀਤੀ ਤੇ ਕੋਈ 15-20 ਮਿੰਟ ਵਿਪਨ ਸ਼ਰਮਾ ਦੇ ਘਰ ਵੀ ਰਹੇ। ਉਹ ਕਤਲ ਵਾਲੀ ਥਾਂ ਵੇਖਣ ਵੀ ਗਏ ਤੇ ਅਧਿਕਾਰੀਆਂ ਪਾਸੋਂ ਜਾਣਕਾਰੀ ਲਈ।
ਸਬੰਧਤ ਖ਼ਬਰ: ਮੀਡੀਆ ਰਿਪੋਰਟਾਂ: ਮਿੰਟੂ ਸਰਾਜ ਅਤੇ ਸ਼ੁਭਮ ਨੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਵਿਪਨ ਸ਼ਰਮ ਦਾ ਕਤਲ …