ਅੰਮ੍ਰਿਤਸਰ: ਦੱਖਣੀ ਪੂਰਬੀ ਏਸ਼ੀਆ ਨੂੰ ਪ੍ਰਮਾਣੂ-ਮੁਕਤ ਖਿੱਤਾ ਬਣਾਉਣ ਦੇ ਆਪਣੇ ਵਿਚਾਰਾਂ ਨੂੰ ਦੁਹਰਾਉਂਦਿਆਂ ਦਲ ਖ਼ਾਲਸਾ ਨੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋ ਰਵਾਇਤੀ ਵਿਰੋਧੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚ ਵਧ ਰਹੀ ਕਸ਼ੀਦਗੀ (ਤਣਾਅ) ਦੀ ਨਿੰਦਾ ਕੀਤੀ ਹੈ।
ਉਪ ਮਹਾਂਦੀਪ ‘ਚ ਵਧ ਰਹੇ ਧਮਾਕਾਖੇਜ਼ ਹਾਲਾਤਾਂ ਬਾਰੇ ਬੋਲਦਿਆਂ ਦਲ ਖ਼ਾਲਸਾ ਦੇ ਆਗੂ ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਅਮਰੀਕਾ ਅਤੇ ਚੀਨ ਨੂੰ ਅਪੀਲ ਕੀਤੀ ਕਿ ਉਹ ਅੱਗੇ ਵਧ ਕੇ ਕਸ਼ਮੀਰ ਮਸਲੇ ਨੂੰ ਉਥੋਂ ਦੀ ਜਨਤਾ ਦੀਆਂ ਭਾਵਨਾਵਾਂ ਮੁਤਾਬਕ ਹੱਲ ਕਰਨ ਅਤੇ ਦਖਣੀ ਏਸ਼ੀਆਂ ਦੀਆਂ ਸ਼ਕਤੀਆਂ ਵਿਚ ਵਧ ਰਹੇ ਤਣਾਅ ਨੂੰ ਖਤਮ ਕਰਨ।
ਉਨ੍ਹਾਂ ਤਰਕ ਦਿੱਤਾ ਕਿ ਜੇ ਕਿਸੇ ਕਾਰਣ ਵਿਸ਼ਵ ਦੀਆਂ ਇਹ ਦੋਵੇਂ (ਅਮਰੀਕਾ ਅਤੇ ਚੀਨ) ਮਹਾਂਸ਼ਕਤੀਆਂ ਆਪਣੇ-ਆਪਣੇ ਸਵਾਰਥਾਂ ਨੂੰ ਮੁੱਖ ਰੱਖਦਿਆਂ ਚੁੱਪ ਰਹਿੰਦੀਆਂ ਹਨ ਤਾਂ ਬਹੁਤ ਸੰਭਾਵਨਾ ਹੈ ਕਿ ਨੇੜੇ ਭਵਿੱਖ ‘ਚ ਇਸ ਖਿੱਤੇ ਵਿਚ ਜੰਗ ਲੱਗ ਜਾਵੇ। ਆਗੂਆਂ ਨੇ ਅਖੌਤੀ “ਡੋਵਾਲ ਸਿਧਾਂਤ” “ਇਕ ਦੰਦ ਦੇ ਬਦਲੇ ਪੂਰਾ ਜਬਾੜਾ” ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਿਸਧਾਂਤ ਖਤਰਿਆਂ ਨਾਲ ਭਰਿਆ ਪਿਆ ਹੈ।
ਦਲ ਖਾਲਸਾ ਦੇ ਆਗੂਆਂ ਨੇ ਮੀਡੀਆ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਭਾਰਤ ਕਸ਼ਮੀਰ ਮਸਲੇ ਦੇ ਹੱਲ ਦੇ ਿਬਨਾਂ ਹੀ ਖਿੱਤੇ ‘ਚ ਅਮਨ ਚਾਹੁੰਦਾ ਹੈ, ਜੋ ਕਿ ਅਸੰਭਵ ਹੈ।
ਉਨ੍ਹਾਂ ਦੋਸ਼ ਲਾਇਆ ਕਿ ਨਵੀਂ ਦਿੱਲੀ ਕਸ਼ਮੀਰੀਆਂ ਨੂੰ ਗਲੀਆਂ, ਸੜਕਾਂ ‘ਤੇ ਮਾਰ ਕੇ ਅਤੇ ਅੰਨ੍ਹਾ ਕਰਕੇ ਸ਼ਾਂਤੀ ਲਿਆਉਣੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਘੱਟਗਿਣਤੀਆਂ ਨੂੰ ਇਨਸਾਫ ਦੇਣ ਤੋਂ ਇਨਕਾਰ, ਨਾ-ਬਰਾਬਰਤਾ, ਘੱਟਗਿਣਤੀ ਅਤੇ ਬਹੁਗਿਣਤੀ ਦੇ ਮਸਲੇ ‘ਤੇ ਸਟੇਟ ਦੀ ਪਹੁੰਚ ‘ਚ ਫਰਕ ਆਦਿ ਕਾਰਣ ਹਨ ਜਿਨ੍ਹਾਂ ਕਰਕੇ ਭਾਰਤ ‘ਚ ਬੇਚੈਨੀ ਫੈਲੀ ਹੋਈ ਹੈ।
ਉਨ੍ਹਾਂ ਭਾਰਤ ਦੇ ਕੇਂਦਰੀ ਰਾਜਨੀਤਕ ਦਲਾਂ, ਖਾਸ ਕਰਕੇ ਭਾਜਪਾ ਵਲੋਂ ਆਪਣੇ ਸਵਾਰਥ ਲਈ ਪੈਦਾ ਕੀਤੇ ਹੋਏ ਝੂਠੇ ਰਾਸ਼ਟਰਵਾਦ ਦੀ ਵੀ ਨਿੰਦਾ ਕੀਤੀ।
ਹਾਲ ਹੀ ਿਵਚ, ਭਾਰਤ ਵਲੋਂ ਉੜੀ ਹਮਲੇ ਦੇ ਬਦਲੇ ਦੇ ਰੂਪ ਵਿਚ ਲਾਈਨ ਆਫ ਕੰਟਰੋਲ (LOC) ਪਾਰ ਕਰਕੇ ਸਰਜੀਕਲ ਸਟ੍ਰਾਇਕ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦਕਿ, ਕੌਮਾਂਤਰੀ ਮੀਡੀਆ ਅਤੇ ਨਿਰਪੱਖ ਨਿਗਰਾਨ ਨੇ ਭਾਰਤ ਸਰਕਾਰ ਦੇ ਇਸ ਦਾਅਵੇ ਨੂੰ ਸਹੀ ਨਾ ਮੰਨਦਿਆਂ ਇਸਨੂੰ ਸ਼ੱਕੀ ਕਰਾਰ ਦਿੱਤਾ ਹੈ। ਅਤੇ ਭਾਰਤ ਦਾ ਮੀਡੀਆ ਇਸਨੂੰ ਅਖੌਤੀ ਦੇਸ਼ਭਗਤੀ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ। ਇਹ ਹੁਣ ਅੰਦਾਜ਼ੇ ਲਾਉਣ ਦੀ ਖੇਡ ਬਣ ਗਈ ਹੈ ਕਿ ਅਸਲ ‘ਚ ਕੀ ਹੋਇਆ, ਕਿੰਨੇ ਮਰੇ, ਕਿੰਨੇ ਜ਼ਖਮੀ ਹੋਏ, ਕੀ ‘ਆਪਰੇਸ਼ਨ’ ਨਾਲ ਕੁਝ ਹਾਸਲ ਹੋਇਆ ਜਾਂ ਨਹੀਂ।
ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਜੰਗ ਕਿਸੇ ਦੇ ਹਿੱਤ ‘ਚ ਨਹੀਂ ਹੈ, ਹੁਣ ਤਕ ਹੋਈਆਂ ਜੰਗਾਂ, 1965, 1971 ਆਦਿ ਨਾਲ ਵੀ ਕੁਝ ਹਾਸਲ ਨਹੀਂ ਹੋਇਆ। ਸਗੋਂ ਦੋਵੇਂ ਰਵਾਇਤੀ ਵਿਰੋਧੀਆਂ ‘ਚ ਸੰਬੰਧ ਹੋਰ ਖਰਾਬ ਹੋ ਗਏ ਹਨ। ਅਸੀਂ ਕਿਸੇ ਵੀ ਰਾਜਨੀਿਤਕ ਝਗੜੇ ਦਾ ਫੌਜੀ ਹੱਲ ਨਹੀਂ ਦੇਖਦੇ। ਉਨ੍ਹਾਂ ਦਲੀਲ ਦਿੱਤੀ ਕਿ, “ਸਰਕਾਰ ਨੂੰ ਹਿੰਸਾ ਦੀ ਲੜੀ ਨੂੰ ਖਤਮ ਕਰਨ ਲਈ ਹਰ ਮਸਲੇ ਦਾ ਰਾਜਨੀਤਕ ਹੱਲ ਲੱਭਣਾ ਚਾਹੀਦਾ ਹੈ।”
ਪੰਜਾਬ ਦੇ ਸਰਹੱਦੀ ਪੱਟੀ ਦੇ ਲੋਕਾਂ ਦੀ ਵੱਡੀ ਪੱਧਰ ‘ਤੇ ਹੋਈ ਹਿਜਰਤ ਬਾਰੇ ਦੁਖ ਜਾਹਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਹਰ ਪੱਖ ਤੋਂ ਸਭ ਤੋਂ ਵੱਧ ਪੀੜਤ ਦੋਵੇਂ ਪਾਸੇ ਦੇ ਪੰਜਾਬ ਦੇ ਲੋਕ ਹੀ ਹੋਣਗੇ।