ਲੁਧਿਆਣਾ, ਪੰਜਾਬ (12 ਜਨਵਰੀ, 2012): “ਇਕ ਅਨਾਰ ਸੌ ਬਿਮਾਰ” ਵਾਲੀ ਕਹਾਵਤ ਵਰਗੀ ਹਾਲਤ ਹੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਣ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਚੋਣਾਂ 30 ਜਨਵਰੀ ਨੂੰ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਾਸਤੇ ਅੱਜ 12 ਜਨਵਰੀ ਤੱਕ 1880 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਇਹ ਜਾਣਕਾਰੀ ਅੱਜ ਸ਼ਾਮ ਪੰਜਾਬ ਦੇ ਮੁੱਖ ਚੋਣ ਦਫਤਰ ਦੇ ਨੁਮਾਇੰਦੇ ਵੱਲੋਂ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਅੱਜ ਕਾਗਜ਼ ਭਰਨ ਦੀ ਮਿਆਦ ਮੁੱਕ ਗਈ ਹੈ।
ਪੰਜਾਬ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਬਾਦਲ-ਭਾਜਪਾ ਗਠਜੋੜ ਅਤੇ ਵਿਰੋਧੀ ਧਿਰ ਕਾਂਗਰਸ ਵਿਚਕਾਰ ਹੈ। ਇਸ ਤੋਂ ਇਲਾਵਾ ਖੱਬੇ-ਪੱਖੀਆਂ, ਨਵੀਂ ਜੰਮੀ ਪੀ.ਪੀ.ਪੀ. (ਪੀਪਲਜ਼ ਪਾਰਟੀ ਪੰਜਾਬ) ਅਤੇ ਲੌਂਗੋਵਾਲ ਦਲ ਦਾ ਗਠਜੋੜ, ਮਾਨ ਦਲ ਅਤੇ ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ) ਵੀ ਚੋਣ ਮੁਕਾਬਲੇ ਵਿਚ ਆਪਣਾ-ਆਪਣਾ ਦਾਅ ਦਾਅ ਅਜਮਾਅ ਰਹੇ ਹਨ। ਬਹੁਤ ਸਾਰੇ ਅਜਿਹੇ ਉਮੀਦਵਾਰ ਵੀ ਹਨ ਜੋ ਬਿਨਾ ਕਿਸੇ ਪਾਰਟੀ ਤੋਂ ਆਪਣੇ ਤੌਰ ਉੱਤੇ ਚੋਣ ਮੈਦਾਨ ਵਿਚ ਨਿੱਤਰੇ ਹਨ। ਭਾਵੇਂ ਕਿ ਇਨ੍ਹਾਂ ਵਿਚੋਂ ਕਈ ਉਮੀਦਵਾਰ ਆਪਣੀ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਰਕੇ ਪਾਰਟੀ ਛੱਡ ਕੇ ਆਪਣੇ ਤੌਰ ਉੱਤੇ ਚੋਣਾਂ ਵਿਚ ਖੜ੍ਹੇ ਹੋਏ ਹਨ ਪਰ ਆਮ ਵਰਤੋਂ ਦੀ ਭਾਸ਼ਾ ਵਿਚ ਇਨ੍ਹਾਂ ਨੂੰ “ਅਜ਼ਾਦ ਉਮੀਦਵਾਰ” ਦੇ ਨਾਂ ਨਾਲ ਹੀ ਸੱਦਿਆ ਜਾਵੇਗਾ।