ਲੇਖ

ਪੰਜਾਬ ਦੀ ਸਿਆਸਤ ਵਿੱਚ, ਹਾਸ਼ੀਏ ’ਤੇ ਆਈਆਂ ਪੰਥਕ ਧਿਰਾਂ …

By ਸਿੱਖ ਸਿਆਸਤ ਬਿਊਰੋ

May 12, 2011

ਹੇਠਾਂ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਦੀ ਸੰਪਾਦਕੀ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ…

ਪਿਛਲੇ ਦੋ ਤਿੰਨ ਹਫਤਿਆਂ ਤੋਂ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਵਲੋਂ ਪੰਥਕ ਜਜ਼ਬੇ ’ਤੇ ਚੜ੍ਹਦੀ ਕਲਾ ਦੇ ਪ੍ਰਗਟਾਅ ਦੀਆਂ ਖਬਰਾਂ, ਖਾਲਿਸਤਾਨ ਦਿਵਸ ਅਤੇ ਵਿਸਾਖੀ ਨਗਰ-ਕੀਰਤਨਾਂ ਦੇ ਹਵਾਲੇ ਨਾਲ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ ਦਾ ਸ਼ਿੰਗਾਰ ਬਣੀਆਂ ਹਨ। ਜਿੱਥੇ ਕੈਨੇਡਾ ਦੇ ਸਰੀ, ਟੋਰੰਟੋ ਆਦਿ ਸ਼ਹਿਰਾਂ ਵਿੱਚ ਲੱਖਾਂ ਸਿੱਖਾਂ ਦੇ ਇਕੱਠ ਖਾਲਸਾਈ ਜਜ਼ਬੇ ਅਤੇ ਗੁਰੂ-ਪਿਆਰ ਦਾ ਪ੍ਰਤੀਕ ਸਨ, ਉਥੇ ਖਾਲਿਸਤਾਨੀ ਗੂੰਜ ਇਸ ਦਾ ਕੇਂਦਰੀ ਬਿੰਦੂ ਸੀ। ਅਮਰੀਕਾ ਦੇ ਸਟਾਕਟਨ, ਨਿਊਯਾਰਕ ਆਦਿ ਸ਼ਹਿਰਾਂ ਵਿਚਲੀਆਂ ਸਿੱਖ ਪਰੇਡਾਂ, ਐਲਾਨੀਆ ਤੌਰ ’ਤੇ ਖਾਲਿਸਤਾਨ ਐਲਾਨ ਦਿਵਸ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸਨ। ਨਾਰਥ ਅਮਰੀਕਾ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਵੀ ਖਾਲਸਾ ਸਿਰਜਣਾ ਦਿਵਸ ਸਬੰਧੀ ਵਿਸ਼ੇਸ਼ ਨਗਰ ਕੀਰਤਨ ਹੋਏ, ਜਿੱਥੇ ਕਿ ਪੰਥਕ ਅਜ਼ਾਦੀ ਦੀ ਸੁਰ ਹਾਵੀ ਸੀ। 8 ਮਈ ਨੂੰ ਸਿਆਟਲ (ਵਾਸ਼ਿੰਗਟਨ ਸਟੇਟ) ਵਿਚਲੀ ਸਿੱਖ ਪਰੇਡ ਵੀ ਕੌਮੀ ਉਤਸ਼ਾਹ ਅਤੇ ਕੌਮੀ ਅਜ਼ਾਦੀ ਦੇ ਜਜ਼ਬੇ ਨਾਲ ਭਰਪੂਰ ਸੀ। ਇਸੇ ਤਰ੍ਹਾਂ ਇੰਗਲੈਂਡ ਅਤੇ ਹੋਰ ਯੂਰਪੀਅਨ ਦੇਸ਼ਾਂ, ਅਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਆਦਿ ਤੋਂ ਵੀ ਚੜ੍ਹਦੀ ਕਲਾ ਵਾਲੀਆਂ ਖਬਰਾਂ ਆਈਆਂ ਹਨ।

ਖਾਲਿਸਤਾਨ ਐਲਾਨ ਦਿਵਸ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ, ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ (ਜਿੱਥੇ-ਜਿੱਥੇ ਸਿੱਖ ਵਸਦੇ ਹਨ) ਹੋਏ। ਕਈ ਥਾਵਾਂ ’ਤੇ ਤਾਂ ਦਿਨ ਦੀ ਦਿਨ (29 ਅਪ੍ਰੈਲ ਨੂੰ ਸ਼ੁੱਕਰਵਾਰ ਸੀ) ਵੀ ਸਮਾਗਮ ਹੋਏ ਪਰ ਬਹੁਤੀ ਥਾਈਂ ਇਹ ਸਮਾਗਮ ਪਹਿਲੀ ਮਈ (ਐਤਵਾਰ) ਨੂੰ ਆਯੋਜਿਤ ਕੀਤੇ ਗਏ। ਪੰਜਾਂ ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗੂੰਜਾਏ। ਪਿਛਲੇ ਢਾਈ ਦਹਾਕਿਆਂ ਦੇ ਖਾਲਿਸਤਾਨੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਖਾਲਿਸਤਾਨ ਦਾ ਪ੍ਰਣ ਦੋਹਰਾਇਆ ਗਿਆ। ਸਿੱਖ ਯੂਥ ਆਫ ਅਮਰੀਕਾ ਨੇ ਵਿਸ਼ੇਸ਼ ਉਦਮ ਕਰਕੇ ਇਸ ਮੌਕੇ ਵਿਸ਼ੇਸ਼ ਟੀ-ਸ਼ਰਟਾਂ ਅਤੇ ਹੋਰ ਸਮਾਨ ਵੀ ਵੱਡੇ ਪੈਮਾਨੇ ’ਤੇ ਤਕਸੀਮ ਕੀਤਾ। ਸਟਾਕਟਨ ਅਤੇ ਨਿਊਯਾਰਕ ਦੀਆਂ ਸਿੱਖ ਪਰੇਡਾਂ ਦੀ ਖੂਬਸੂਰਤੀ ਇਹ ਸੀ ਕਿ ਸਮੁੱਚੀਆਂ ਪੰਥਕ ਧਿਰਾਂ (ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ ਤੇ ਦਲ ਖਾਲਸਾ ਆਦਿਕ) ਦੀਆਂ ਅਮਰੀਕਾ ਵਿਚਲੀਆਂ ਨੁਮਾਇੰਦਾ ਜਮਾਤਾਂ ਨੇ ਸਾਂਝੇ ਤੌਰ ’ਤੇ ਖਾਲਿਸਤਾਨ ਐਲਾਨ ਦਿਵਸ ਨੂੰ ਸਮਰਪਤ ਫਲੋਟ ਦੇ ਪਿੱਛੇ ਮਾਰਚ ਕੀਤਾ। ਇਸ ਏਕਤਾ ਦੇ ਜਜ਼ਬੇ ਦੇ ਵਿਖਾਲੇ ਨੇ, ਸਿੱਖ ਸੰਗਤਾਂ ਵਿੱਚ ਵਿਸ਼ੇਸ਼ ਉਤਸ਼ਾਹ ਭਰਿਆ।

ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਇਸ ਸਬੰਧੀ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ, ਖਾਲਿਸਤਾਨ ਐਲਾਨ ਦਿਵਸ ਨੂੰ ਸਮਰਪਿਤ ਅਰਦਾਸ ਦਿਵਸ ਮਨਾਇਆ ਅਤੇ ਖਾਲਿਸਤਾਨ ਪ੍ਰਤੀ ਆਪਣੀ ਆਸਥਾ ਨੂੰ ਦੋਹਰਾਉਂਦਿਆਂ, ਮੀਡੀਆ ਲਈ ਪ੍ਰੈਸ -ਸਟੇਟਮੈਂਟ ਵੀ ਜਾਰੀ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚੋਂ ਹੋਰ ਕੋਈ ਖਬਰ ਪੜ੍ਹਨ ਸੁਣਨ ਨੂੰ ਨਹੀਂ ਮਿਲੀ। ਸਾਡੀ ਹੱਥਲੀ ਲਿਖਤ ਦੀ ਮਨਸ਼ਾ, ਕਿਸੇ ਪੰਥਕ ਧਿਰ ਨੂੰ ਉ¤ਚਾ ਚੁੱਕਣ ਜਾਂ ਨੀਂਵਾਂ ਵਿਖਾਉਣ ਦੀ ਨਾ ਹੋ ਕੇ, ਨਿਰੋਲ ਸਿਆਸੀ ਨੁਕਤਾਨਿਗਾਹ ਤੋਂ ਇਹ ਪੜਚੋਲ-ਪੜਤਾਲ ਕਰਨਾ ਹੈ ਕਿ ਪੰਜਾਬ ਵਿੱਚ, ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਜਾਰੀ ਸਾਡਾ ਸੰਘਰਸ਼ ਅੱਜ ਕਿਸੇ ਪੜਾਅ ’ਤੇ ਪਹੁੰਚਿਆ ਹੈ। ਸਾਡੀਆਂ ਪੰਥਕ ਧਿਰਾਂ ਕਿਸ ਹੱਦ ਤੱਕ, ਪੰਜਾਬ ਦੀ ਸਿੱਖ ਜਨਤਾ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀਆਂ ਹਨ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਦੀ ਸੂਰਤ ਵਿੱਚ, ਸਾਡੀਆਂ ਧਿਰਾਂ ਆਪਣੀ ਸ਼ਕਤੀ ਦਾ ਕਿੰਨਾ ਕੁ ਵਿਖਾਵਾ ਕਰ ਸਕਦੀਆਂ ਹਨ? ਸਾਡੀਆਂ ਧਿਰਾਂ ਪੰਜਾਬ ਵਿੱਚ, ਖਾਲਿਸਤਾਨ ਸਬੰਧੀ ਚੇਤਨਾ ਪੈਦਾ ਕਰਨ ਅਤੇ ਸਫਲ ਲਾਮਬੰਦੀ ਕਰਨ ਵਿੱਚ ਕਿੰਨੀਆਂ ਕੁ ਸਫਲ ਰਹੀਆਂ ਹਨ? ਮੁੱਕਦੀ ਗੱਲ ਇਹ ਹੈ ਕਿ ਇਨ੍ਹਾਂ ਤਿੰਨ ਦਹਾਕਿਆਂ ਵਿੱਚ ਪੰਜਾਬ ਵਿੱਚ ਅਸੀਂ ਕੀ ਖੱਟਿਆ ਕੀ ਗਵਾਇਆ ਅਤੇ ਭਵਿੱਖ ਵਿੱਚ ਮਜ਼ਬੂਤ ਪੇਸ਼ ਕਦਮੀਂ ਕਰਨ ਲਈ ਕੀ ਰਣਨੀਤੀ ਅਪਣਾਈ ਜਾਵੇ।

ਸਾਨੂੰ ਇਹ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਪੰਥਕ ਧਿਰਾਂ ਵਿਚਲੀ ਸਿੱਖ ਲੀਡਰਸ਼ਿਪ ਦੀ ਸੁਹਿਰਦਤਾ, ਦ੍ਰਿੜਤਾ, ਕੁਰਬਾਨੀ ਅਤੇ ਲਗਾਤਾਰ ਮਿਹਨਤ ਦੇ ਬਾਵਜੂਦ, ਪੰਜਾਬ ਦੀ ਸਿਆਸਤ ਵਿੱਚ ਪੰਥਕ ਧਿਰਾਂ ਹਾਸ਼ੀਏ ’ਤੇ ਜਾ ਚੁੱਕੀਆਂ ਹਨ। ਭਾਵੇਂ ਇਸ ਦੇ ਕਾਰਨਾਂ ਵਿੱਚ ਕਈ ਕਾਰਨ ਰਲੇ ਹੋਏ ਹਨ, ਜਿਨ੍ਹਾਂ ਵਿੱਚ, ਸਰਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਕਰਕੇ ਪੈਦਾ ਕੀਤਾ ਗਿਆ ਡਰ ਦਾ ਮਾਹੌਲ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ, ਪਤਿਤਪੁਣੇ ਅਤੇ ਲੱਚਰ ਸੱਭਿਆਚਾਰ ਰਾਹੀਂ ਨਿਸਲ ਕਰਨਾ, ਸਿਆਸਤ ਵਿੱਚ ਪੈਸੇ ਦੀ ਅੰਨ੍ਹੀ ਵਰਤੋਂ ਕਰਨ ਵਾਲੀਆਂ ਧਿਰਾਂ (ਬਾਦਲ ਅਕਾਲੀ ਦਲ ਅਤੇ ਕਾਂਗਰਸ) ਦੇ ਸਾਹਮਣੇ ਪੈਸੇ ਪੱਖੋਂ ਨਿਗੂਣੇ ਹੋਣਾ, ਨਵੀਂ ਪੀੜ੍ਹੀ ਸਾਹਮਣੇ ਧਰਮ ਨਾਲੋਂ ਆਰਥਿਕਤਾ ਦਾ ਮਹੱਤਵ ਜ਼ਿਆਦਾ ਹੋਣਾ (ਉਦਾਰੀਕਰਨ, ਵਿਸ਼ਵੀਕਰਨ ਅਤੇ ਹਾਲੀਵੁੱਡ-ਬਾਲੀਵੁੱਡ, ਇੰਟਰਨੈਟ ਆਦਿ ਦੀ ਬਦੌਲਤ), ਮੀਡੀਏ ਵਲੋਂ ਪੰਥਕ ਧਿਰਾਂ ਦੀਆਂ ਕਾਰਵਾਈਆਂ ਨੂੰ ਅਣਗੌਲਿਆਂ ਕਰਨਾ ਅਤੇ ‘ਭਾਰਤੀ ਰਾਸ਼ਟਰਵਾਦੀ’ ਧਿਰਾਂ ਨੂੰ ਉਭਾਰਨਾ, ਬਾਦਲ ਵਲੋਂ ਕੇਂਦਰੀ ਏਜੰਸੀਆਂ ਦੀ ਮੱਦਦ ਨਾਲ ਲੂੰਬੜ ਚਾਲਾਂ ਚੱਲ ਕੇ, ਸਮੁੱਚੇ ਪੰਥਕ ਅਦਾਰਿਆਂ (ਸਮੇਤ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ) ਨੂੰ ਬੇਅਸਰ ਕਰਨਾ ਆਦਿਕ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰੀ ਔਕੜਾਂ ਦੇ ਬਾਵਜੂਦ ਪੰਥਕ ਧਿਰਾਂ ਨੇ ਕੌਮੀ ਅਜ਼ਾਦੀ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ ਅਤੇ ਉਹ ਆਪਣੇ ਆਸ਼ੇ ਤੋਂ ਉਕੇ-ਅੱਕੇ ਨਹੀਂ ਹਨ। ਪਰ ਇਹ ਵੀ ਹਕੀਕਤ ਹੈ ਕਿ ਪਿਛਲੇ ਸਮੇਂ ਵਿੱਚ ਲਗਾਤਾਰਤਾ ਨਾਲ ਪੰਥਕ ਧਿਰਾਂ ਦਾ ਪ੍ਰਭਾਵ ਘਟਦਾ ਚਲਾ ਗਿਆ ਹੈ। ਇਸ ਵੇਲੇ ਪੰਜਾਬ ਦੇ ਸਿਆਸੀ ਭਵਿੱਖ ਵਿਚਲੇ ਪੜਚੋਲਕਰਤਾ, ਪੰਥਕ ਧਿਰਾਂ ਨੂੰ ਅਣਹੋਏ (ਨਾਨ-ਐਗਸਿਸਟੈਂਟ) ਮੰਨ ਕੇ ਸਿਆਸੀ ਧਰੁਵੀਕਰਨ ਦੀ ਗੱਲ ਕਰਦੇ ਹਨ।

ਪੰਜਾਬ ਵਿੱਚ ਬਾਦਲ ਦਲ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਅਤੇ ਸਿਆਸੀ ਮਿਊਜ਼ੀਕਲ ਚੇਅਰਜ਼ ਖੇਡ (ਭਾਵ ਕਾਂਗਰਸ ਨੂੰ ਹਰਾ ਕੇ ਅਕਾਲੀ ਆ ਜਾਂਦੇ ਸਨ ਅਤੇ ਅਕਾਲੀਆਂ ਨੂੰ ਹਰਾ ਕੇ ਮੁੜ ਕਾਂਗਰਸ ਆ ਜਾਂਦੀ ਸੀ) ਤੋਂ ਅੱਕੇ ਹੋਏ ਲੋਕ ਕਿਸੇ ਇਮਾਨਦਾਰ ਤੀਸਰੇ ਬਦਲ ਦੀ ਤਾਂਘ ਵਿੱਚ ਸਨ। ਲਗਭਗ ਸਾਢੇ ਤਿੰਨ ਤੋਂ ਚਾਰ ਵਰ੍ਹੇ ਪਹਿਲਾਂ ਜਦੋਂ ਪੰਥਕ ਧਿਰਾਂ ਨੇ ਆਪਸ ਵਿੱਚ ਰਲੇਵੇਂ ਦਾ ਫੈਸਲਾ ਲਿਆ ਤਾਂ ਦੇਸ-ਪ੍ਰਦੇਸ਼ ਵਿੱਚ ਇੱਕ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪੰਜਾਬ ਵਿਚਲੇ, ਸਿਆਸੀ ਮਾਹਿਰਾਂ ਨੇ, ਇਸ ਧਿਰ ਨੂੰ ਤੀਸਰੇ ਬਦਲ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ। ਪਰ ਅਫਸੋਸ! ਇਹ ਸਾਂਝ ਬਹੁਤੀ ਦੇਰ ਬਣੀ ਨਾ ਰਹਿ ਸਕੀ ਅਤੇ ਫਿਰ ਇਲਜ਼ਾਮ-ਤਰਾਸ਼ੀਆਂ ਦੇ ਨਾਲ, ਰਾਹ ਵੱਖੋ-ਵੱਖਰੇ ਹੋ ਗਏ। ਕੇਂਦਰੀ ਏਜੰਸੀਆਂ ਨੇ ਲੋਕਾਂ ਦੀ ਤੀਸਰੇ ਬਦਲ ਦੀ ਚਾਹਨਾ ਨੂੰ ਭਾਂਪ ਲਿਆ ਸੀ। ਇਸ ਲਈ ਉਨ੍ਹਾਂ ਨੇ ਬੜੀ ਵਿਉਂਤਬੰਦੀ ਨਾਲ, ਮਨਪ੍ਰੀਤ ਬਾਦਲ ਨੂੰ, ਤੀਸਰੇ ਬਦਲ ਵਜੋਂ ਉਭਾਰ ਦਿੱਤਾ ਹੈ। ਸਿੱਖੀ ਸਰੂਪ ਨਾਲ ਖਿਲਵਾੜ ਕਰਨ ਵਾਲਾ, ਸਿੱਖ ਗੁਰੂ ਸਾਹਿਬਾਨ ਅਤੇ ਸਿੱਖੀ ਵਿਰਸੇ ਨਾਲੋਂ ਭਗਤ ਸਿੰਘ ਦਾ ਪੈਰੋਕਾਰ ਅਖਵਾਉਣ ’ਚ ਫਖਰ ਮਹਿਸੂਸ ਕਰਨ ਵਾਲਾ, ਪੰਥਕ ਏਜੰਡੇ ਤੋਂ ਦੂਰ ਰਹਿ ਕੇ ਸਿਰਫ ‘ਆਰਥਿਕਤਾ’ ਦੇ ਸਬਜ਼ਬਾਗ ਦਿਖਾਉਣ ਵਾਲਾ, ਸਵੇਰੇ ਦੁਪਹਿਰੇ ਸ਼ਾਮ ‘ਜੈ ਹਿੰਦ’ ਨੂੰ ਪ੍ਰਣਾਇਆ ਹੋਇਆ ਮਨਪ੍ਰੀਤ ਬਾਦਲ, ਕੇਂਦਰੀ ਏਜੰਸੀਆਂ, ਹਿੰਦੂਤਵੀਆਂ ਅਤੇ ਕਾਮਰੇਡਾਂ ਸਭ ਨੂੰ ਹੀ ਫਿੱਟ ਬਹਿੰਦਾ ਹੈ। ਇਸ ਲਈ ਭਾਰਤੀ ਦੂਰਦਰਸ਼ਨ ਤੋਂ ਲੈ ਕੇ, ਹਿੰਦੂਤਵੀ ਮੀਡੀਏ ਤੱਕ ਸਭ ਉਸ ਦੀ ਜੈ ਜੈ ਕਾਰ ਕਰ ਰਹੇ ਹਨ। ਪਰ ਕੀ ਇਹ ਤੀਸਰੀ ਧਿਰ ਨਾ ਬਣ ਸਕਣ ਲਈ ਪੰਥਕ ਧਿਰਾਂ ’ਤੇ ਕੋਈ ਜ਼ਿੰਮੇਵਾਰੀ ਆਇਤ ਨਹੀਂ ਹੁੰਦੀ?

ਅਸੀਂ ਬੜੀ ਇਮਾਨਦਾਰੀ ਤੇ ਸੁਹਿਰਦਤਾ ਨਾਲ ਦੇਸ਼-ਵਿਦੇਸ਼ ਵਿਚਲੀਆਂ ਪੰਥਕ ਧਿਰਾਂ ਦੇ ਨੁਮਾਇੰਦਿਆਂ ਨੂੰ ਬੜੀ ਆਜ਼ਿਜ਼ੀ ਨਾਲ ਬੇਨਤੀ ਕਰਦੇ ਹਾਂ ਕਿ ਸਮੇਂ ਦੀ ਦੌੜ ਵਿੱਚ, ਅਸੀਂ ਬੜੀ ਬੁਰੀ ਤਰ੍ਹਾਂ ਪੱਛੜ ਚੁੱਕੇ ਹਾਂ। ਪੰਜਾਬ ਵਿਚਲੀ ਸਥਿਤੀ ਦੱਸਦੀ ਕਿ ਅਸੀਂ ਚੋਣਾਂ ਦੇ ਗੇੜ ਵਿੱਚ ਅੱਗੇ ਨਾਲੋਂ ਵੀ ਹੋਰ ਪਿੱਛੇ ਧੱਕੇ ਜਾਵਾਂਗੇ। ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿੱਚ, ਪੰਥ ਨੂੰ ਪਿਆਰ ਕਰਨ ਵਾਲਿਆਂ ਦਾ ਕਾਲ ਪੈ ਗਿਆ ਹੈ ਪਰ ਕਾਰਨ ਸਾਡੀਆਂ ਧਿਰਾਂ ਦੀ ਬਿੱਖਰੀ ਤਾਕਤ ਕਰਕੇ, ਪੈਦਾ ਹੋਈ ਢਹਿੰਦੀ ਕਲਾ ਹੈ। ਸਾਡੀਆਂ ਧਿਰਾਂ ਸਾਹਮਣੇ ਮਾਡਲ, ਜੰਮੂ-ਕਸ਼ਮੀਰ ਦੀ ਹੂਰੀਅਤ ਕਾਨਫਰੰਸ ਵਾਲਾ ਹੋ ਸਕਦਾ ਹੈ। ਅਜ਼ਾਦੀ (ਖਾਲਿਸਤਾਨ) ਦਾ ਨਿਸ਼ਾਨਾ ਸਪੱਸ਼ਟ ਐਲਾਨ ਕੇ, ਬਾਕੀ ਵਿਉਂਤਬੰਧੀ ਸਮੇਂ ਦੀ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ। ਅੱਡ-ਅੱਡ ਜਥੇਬੰਦੀਆਂ, ਆਪਣੀ ਅੱਡਰੀ ਹੋਂਦ ਨੂੰ ਕਾਇਮ ਰੱਖਦਿਆਂ ਹੋਇਆਂ ਵੀ (ਸਿੱਖ ਮਿਸਲਾਂ ਵਾਂਗ), ਇਹ ਸਾਂਝੇ ਮੰਚ ਤੋਂ, ਅਪਣਾ ਸ਼ਕਤੀ ਪ੍ਰਦਰਸ਼ਨ ਅਤੇ ਚੋਣ-ਵਿਉਂਤਬੰਦੀ ਕਰ ਸਕਦੀਆਂ ਹਨ। ਇਸ ਕਿਸਮ ਦੇ ਨੈਟਵਰਕ ਨੂੰ, ਬਾਹਰਲੇ ਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਖੁੱਲ੍ਹ ਕੇ ਹਮਾਇਤ ਦੇਣਗੀਆਂ। ਪਰ ਜੇ ਪੰਥਕ ਧਿਰਾਂ ਨੇ ਵੀ ‘ਚਾਰ ਪੂਰਬੀਏ, ਚੌਦਾਂ ਚੁੱਲ੍ਹੇ’ ਦੇ ਅਖਾਣ ਵਾਂਗ, ਆਪਣੇ ਆਪਣੇ ਤਵੇ ’ਤੇ ਹੀ ਰੋਟੀਆਂ ਸੇਕਣੀਆਂ ਹਨ ਤਾਂ ਫਿਰ ਸ਼ਾਇਦ ਇਨ੍ਹਾਂ ਰੋਟੀਆਂ ਲਈ ਆਟਾ, ਬਹੁਤੀ ਦੇਰ ਮੁਹੱਈਆ ਨਹੀਂ ਹੋ ਸਕੇਗਾ। ਜੇ ਪੰਜਾਬ ਵਿੱਚ ਕੌਮੀ ਅਜ਼ਾਦੀ ਦੀ ਲਹਿਰ ਪ੍ਰਜੱਵਲਤ ਨਾ ਹੋ ਸਕੀ ਤਾਂ ਬਾਹਰਲੇ ਸਿੱਖ ਵੀ ਬਹੁਤੀ ਦੇਰ ਖਲੋਤੇ ਨਹੀਂ ਰਹਿ ਸਕਣਗੇ। ਅਖੀਰ ਧੁਰਾ ਤਾਂ ਪੰਜਾਬ ਦਾ ਸੰਘਰਸ਼ ਹੀ ਹੈ। ਕੀ ਪੰਥਕ ਧਿਰਾਂ ਦੇ ਸਰਗਰਮ ਕਾਰਕੁੰਨ ਇਸ ਵਿਸ਼ੇ ਸਬੰਧੀ ਗੰਭੀਰ ਵਿਚਾਰ-ਗੋਸ਼ਟੀ ਕਰਨਗੇ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: