ਖਾਸ ਖਬਰਾਂ

ਕਰਜ਼ੇ ਨੇ ਖੇਤ ਖਾ ਲਏ, ਅੰਨਦਾਤੇ ਨੇ ਮੌਤ ਗਲ਼ ਲਾਈ

By ਸਿੱਖ ਸਿਆਸਤ ਬਿਊਰੋ

May 08, 2018

ਬਠਿੰਡਾ, (ਚਰਨਜੀਤ ਭੁੱਲਰ): ‘‘ਜ਼ਮੀਨਾਂ ਤਾਹੀਓਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ਲਿਆ ਤੇ ਕਰਜ਼ੇ ਨੇ ਜ਼ਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰ ਹੋ ਗਏ ਤਾਂ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰ ਗਿਆ।’’

ਬਜ਼ੁਰਗ ਬਲਵੀਰ ਕੌਰ ਜਦੋਂ ਆਪਣੇ ਘਰ ਦੀ ਇਹ ਹੋਣੀ ਬਿਆਨਦੀ ਹੈ ਤਾਂ ਮੈਗਾਜੇਸੇ ਐਵਾਰਡ ਜੇਤੂ ਪੱਤਰਕਾਰ ਡਾ. ਪੀ. ਸਾਈਨਾਥ (ਦਿਹਾਤੀ ਸੰਪਾਦਕ) ਦਾ ਗੱਚ ਭਰ ਜਾਂਦਾ ਹੈ। ਉਸ ਨੂੰ ਬਜ਼ੁਰਗ ਔਰਤ ਦੇ ਚਿਹਰੇ ਤੋਂ ਪੰਜਾਬ ਦੇ ਖੇਤੀ ਸੰਕਟ ਦੇ ਨਕਸ਼ ਨਜ਼ਰ ਪੈਣ ਲੱਗਦੇ ਹਨ। ਕੋਠਾ ਗੁਰੂ ਦੀ ਬਲਵੀਰ ਕੌਰ ਦੱਸਦੀ ਹੈ ਕਿ ਕਿਵੇਂ ਹੱਥੋਂ ਜ਼ਮੀਨ ਕਿਰੀ ਤੇ ਕਿਵੇਂ ਜ਼ਿੰਦਗੀ।

ਬਠਿੰਡਾ ਦੇ ਪਿੰਡ ਜੇਠੂਕੇ ਤੋਂ ਡਾ. ਸਾਈਨਾਥ ਨੇ ਪੰਜਾਬ ਦੇ ਖੇਤੀ ਸੰਕਟ ਨੂੰ ਨੇੜਿਓਂ ਵੇਖਣ ਦੀ ਸ਼ੁਰੂਆਤ ਕੀਤੀ। ਇਕੱਲਾ ਸਿੱਧਾ ਸੰਵਾਦ ਹੀ ਨਹੀਂ ਸੀ, ਸਾਈਨਾਥ ਨੇ ਦੁੱਖਾਂ ਹੱਥੋਂ ਹਾਰੀ ਹਰ ਔਰਤ ਦੇ ਹੰਝੂਆਂ ਤੇ ਹੌਕਿਆਂ ਵਿੱਚੋਂ ‘ਖੇਤੀ ਸੰਕਟ’ ਦੀ ਗਹਿਰਾਈ ਨੂੰ ਵੀ ਮਾਪਿਆ। ਲਹਿਰਾ ਖਾਨਾ ਦੀ ਬਿਰਧ ਮੁਕੰਦ ਕੌਰ ਦੱਸਦੀ ਹੈ ਕਿ ਨੂੰਹ ਦੇ ਇਲਾਜ ਵਿੱਚ ਜਦੋਂ ਜ਼ਮੀਨ ਵਿਕ ਗਈ ਤਾਂ ਜ਼ਿੰਦਗੀ ਦੀ ਲੈਅ ਗੁਆਚ ਗਈ। ਪੁੱਤਰ ਗੁਰਬਿੰਦਰ ਆਪਣੀ ਪਤਨੀ ਦਾ ਇਲਾਜ ਕਰਾਉਣ ਤੋਂ ਬੇਵੱਸ ਹੋ ਗਿਆ ਤਾਂ ਉਹ ਜਹਾਨੋਂ ਤੁਰ ਗਈ। ਗੁਰਬਿੰਦਰ ਜ਼ਿੰਦਗੀ ਦਾ ਕੌੜਾ ਘੁੱਟ ਨਾ ਭਰ ਸਕਿਆ ਅਤੇ ਖ਼ੁਦਕੁਸ਼ੀ ਦੇ ਰਾਹ ਤੁਰ ਗਿਆ। ਇਸ ਮਾਂ ਦਾ ਛੋਟਾ ਪੁੱਤ ਥਰਮਲ ’ਚ ਦਿਹਾੜੀ ਕਰਦਾ ਅਪਾਹਜ ਹੋ ਗਿਆ ਅਤੇ ਹੁਣ ਰਾਈਸ ਸ਼ੈਲਰ ’ਚ ਚੌਕੀਦਾਰੀ ਕਰਦਾ ਹੈ।

ਪੀ. ਸਾਈਨਾਥ ਨੂੰ ਕਿਸੇ ਮਾਂ ਦੇ ਹੱਥਾਂ ’ਤੇ ‘ਖ਼ੁਸ਼ਹਾਲ ਪੰਜਾਬ’ ਦੀ ਲੀਕ ਨਹੀਂ ਨਜ਼ਰ ਆਈ। ਮਾਵਾਂ ਦੇ ਹੱਥਾਂ ’ਤੇ ਪਏ ਅੱਟਣ ਉਸ ਨੂੰ ਪੰਜਾਬ ਦਾ ਸੱਚ ਦਿਖਾਉਂਦੇ ਹਨ। ਇਕੱਠ ਵਿੱਚੋਂ ਇੱਕ ਔਰਤ ਨੇ ਖ਼ੁਦਕੁਸ਼ੀ ਕਰ ਗਏ ਪੁੱਤ ਦੀ ਤਸਵੀਰ ਦਿਖਾ ਕੇ ਦੱਸਿਆ ਕਿ ਉਹ ਆਪਣੇ ਪੁੱਤ ਦੀ ਫੋਟੋ ਹਰ ਮੁਜ਼ਾਹਰੇ ’ਚ ਲੈ ਕੇ ਗਈ ਪਰ ਹਕੂਮਤ ਦੀ ਨਜ਼ਰ ਨਹੀਂ ਪਈ।

ਕੋਠਾ ਗੁਰੂ ਦੀ ਮਨਜੀਤ ਕੌਰ ਕੋਲ ਹੁਣ ਗੁਆਉਣ ਨੂੰ ਕੁਝ ਨਹੀਂ ਬਚਿਆ। ਨਰਮੇ ਨੂੰ ਸੁੰਡੀ ਪੈ ਗਈ ਤੇ ਜ਼ਮੀਨਾਂ ਨੂੰ ਬੈਂਕ ਪੈ ਗਏ। ਕਰਜ਼ੇ ਨੇ ਪਤੀ ਨੂੰ ਜੇਲ੍ਹ ਵੀ ਦਿਖਾ ਦਿੱਤੀ ਤੇ ਆਖ਼ਰ ਦੋ ਏਕੜ ਜ਼ਮੀਨ ਵਿਕ ਗਈ। ਮੁਆਵਜ਼ਾ ਮਿਲਿਆ ਨਹੀਂ ਪ੍ਰੰਤੂ ਦਬਕੇ ਨਿੱਤ ਸੁਣਨੇ ਪਏ। ਉਸ ਕੋਲ ਖਾਣ ਜੋਗੇ ਦਾਣੇ ਵੀ ਨਹੀਂ।

ਸਾਈਨਾਥ ਨੇ ਇਨ੍ਹਾਂ ਔਰਤਾਂ ਦੇ ਦੁੱਖ ਆਪਣੀ ਡਾਇਰੀ ’ਚ ਨੋਟ ਕੀਤੇ। ਜੇਠੂਕੇ ’ਚ ਅੱਜ ਕਈ ਘੰਟੇ ਖੇਤੀ ਸੰਕਟ ਦੀਆਂ ਪੀੜਤਾਂ ਨੇ ਆਪਣੇ ਦਰਦ ਫਰੋਲੇ। ਰਾਮਨਵਾਸ ਦੀਆਂ ਦੋ ਬਿਰਧ ਔਰਤਾਂ ਦੀ ਅਰਥੀ ਨੂੰ ਮੋਢਾ ਦੇਣ ਲਈ ਪੁੱਤ ਨਹੀਂ। ਕਈ ਵਰ੍ਹੇ ਪਹਿਲਾਂ ਜਰਨੈਲ ਕੌਰ ਜਦੋਂ ਵਿਆਹ ਕਰਵਾ ਕੇ ਪਿੰਡ ਰਾਮਨਵਾਸ ਆਈ ਸੀ ਤਾਂ ਉਨ੍ਹਾ ਕੋਲ ਪੰਜ ਏਕੜ ਜ਼ਮੀਨ ਸੀ। ਹੁਣ ਉਸ ਕੋਲ ਖੇਤ ਨਹੀਂ ਰਹੇ। ਬੇਟੇ ਜਗਸੀਰ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਪੈਲੀ ਸ਼ਾਹੂਕਾਰਾਂ ਦੀ ਹੋ ਗਈ। ਜਗਸੀਰ ਦੇ ਪਿਤਾ ਨੇ ਤਾਂ ਵਿਆਜ ਨੂੰ ਜ਼ਰਬਾਂ ਦਿੰਦੇ ਸ਼ਾਹੂਕਾਰ ਹੀ ਦੇਖੇ, ਭਲੇ ਦਿਨ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ। ਅਖ਼ੀਰ ਜਗਸੀਰ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਭੈਣ ਸ਼ਿੰਦਰਪਾਲ ਕੌਰ ਨੇ ਆਪਣੇ ਬਾਬਲ ਦੇ ਘਰ ਲਈ ਅਰਦਾਸਾਂ ਕੀਤੀਆਂ। ਹੁਣ ਜਰਨੈਲ ਕੌਰ ਘਰ ’ਚ ਇਕੱਲੀ ਹੈ। ਗੁਆਂਢ ਵਿੱਚ ਬਲਵੀਰ ਕੌਰ ਦਾ ਘਰ ਤਾਂ ਹੈ ਪ੍ਰੰਤੂ ਬਰਕਤ ਇਸ ਨਾਲ ਵੀ ਰੁੱਸੀ ਰਹੀ। ਚਾਰ ਏਕੜ ਜ਼ਮੀਨ ਵਿਕ ਗਈ, ਨੂੰਹ ਛੱਡ ਕੇ ਚਲੀ ਗਈ। ਪੁੱਤ ਜਹਾਨੋਂ ਚਲਾ ਗਿਆ। ਇਨ੍ਹਾਂ ਦੋਵਾਂ ਔਰਤਾਂ ਕੋਲ ਪਾਣੀ ਤੱਕ ਦਾ ਪ੍ਰਬੰਧ ਨਹੀਂ।

ਸਾਈਨਾਥ ਨੇ ਆਖਿਆ ਕਿ ਜੋ ਬਾਹਰੋਂ ਪੰਜਾਬ ਦਾ ਨਕਸ਼ਾ ਦਿਖਦਾ ਹੈ, ਉਸ ਵਿੱਚੋਂ ਇਨ੍ਹਾਂ ਔਰਤਾਂ ਦੇ ਦੁੱਖ ਮਨਫ਼ੀ ਹਨ। ‘ਗਾਉਂਦਾ ਨੱਚਦਾ ਪੰਜਾਬ’ ਤੇ ‘ਖ਼ੁਸ਼ਹਾਲ ਪੰਜਾਬ’ ਦੇ ਨਾਅਰੇ ਸਿਰਫ਼ ਅੱਠ ਫ਼ੀਸਦੀ ਦੀ ਤਰਜਮਾਨੀ ਕਰਦੇ ਹਨ, ਸਮੁੱਚੇ ਪੰਜਾਬ ਦੀ ਨਹੀਂ। ਸਾਈਨਾਥ ਨੇ ਲੰਘੇ ਕੱਲ੍ਹ ਪਿੰਡ ਧੌਲ਼ਾ ਵਿੱਚ ਕਿਸਾਨ ਧਿਰਾਂ ਦੀ ਸੰਘਰਸ਼ੀ ਗਾਥਾ ਦੀ ਪੜਚੋਲ ਕੀਤੀ ਅਤੇ 9 ਮਈ ਨੂੰ ਉਹ ਲੰਬੀ ਦੇ ਪਿੰਡ ਸਿੰਘੇਵਾਲਾ ਵਿੱਚ ਮਜ਼ਦੂਰਾਂ ਤੋਂ ਉਨ੍ਹਾਂ ਦੇ ਵਿਹੜਿਆਂ ਦੇ ਦੁੱਖ ਸੁਣਨਗੇ। ਅੱਜ ਉਨ੍ਹਾਂ ਨਾਲ ਡਾ. ਨਵਸ਼ਰਨ ਕੌਰ, ਡਾ. ਪਰਮਿੰਦਰ ਸਿੰਘ, ਖੋਜਾਰਥੀ ਪ੍ਰੀਤਨਮੋਲ, ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਮਹਿਲਾ ਆਗੂ ਹਰਿੰਦਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ ਵੀ ਸਨ।

ਧੰਨਵਾਦ ਸਹਿਤ: ਇਹ ਰਿਪੋਰਟ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ 8 ਮਈ, 2018 ਦੇ ਅੰਕ ‘ਤੇ ਪ੍ਰਕਾਸ਼ਿਤ ਹੋਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: