-ਸੁਖਮਿੰਦਰ ਸਿੰਘ ਹੰਸਰਾ
ਅੱਜ ਦਿਲਜੀਤ ਦੁਸਾਂਝ ਦੀ ਫਿਲਮ ਪੰਜਾਬ 1984 ਵੇਖਣ ਦਾ ਮੌਕਾ ਮਿਲਿਆ। ਇਸ ਫਿਲਮ ਦੀ ਕੀਤੀ ਪ੍ਰਮੋਸ਼ਨ ਵਿੱਚ ਇਹੀ ਦੱਸਿਆ ਗਿਆ ਸੀ ਕਿ ਇਹ ਤੱਥਾਂ ਦੇ ਆਧਾਰਿਤ ਫਿਲਮ ਹੈ ਜੋ 1984 ਵਿੱਚ
ਪੰਜਾਬ ਦਾ ਦੁਖਾਂਤ ਬਿਆਨ ਕਰਦੀ ਹੈ। ਨਿਰਸੰਦੇਹ, ਇਹ ਫਿਲਮ 1984 ਦੇ ਦਿਨ੍ਹਾਂ ਨਾਲ ਜੋੜ ਕੇ ਬਣਾਈ ਗਈ ਹੈ। ਇਸਦੀ ਸ਼ੁਰੂਆਤ ਵੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਮੱਥਾ ਟੇਕਣ ਜਾਂਦਾ ਦਰਬਾਰ ਸਾਹਿਬ ਉਪਰ ਭਾਰਤੀ ਫੌਜਾਂ ਦੇ ਹਮਲੇ ਵਿੱਚ ਮਾਰਿਆ ਜਾਂਦਾ ਹੈ। ਇਥੋਂ ਹੀ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ।
ਫਿਲਮ ਵਿੱਚ ਕੋਈ ਵੀ ਤੱਥ ਸਹੀ ਨਹੀਂ ਲੱਗਦੇ। ਇਸ ਵਿੱਚ ਪੁਲੀਸ ਵਲੋਂ ਲੋਕਾਂ ਉਪਰ ਤਸ਼ੱਦਦ ਦੇ ਨਾਲ ਨਾਲ ਖਾੜਕੂ ਲਹਿਰ ਨੂੰ ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਦੀ ਤਰਜ਼ ਤੇ ਖੂੰਖਾਰ ਖੂਨੀ ਦਿਖਾਇਆ ਗਿਆ ਹੈ। ਖਾੜਕੂ, ਜੋ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਹਨ, ਉਹ ਬੱਸਾਂ ਚੋਂ ਕੱਢਕੇ ਹਿੰਦੂਆਂ ਨੂੰ ਕਤਲ ਕਰਦੇ ਹਨ ਅਤੇ ਬੱਸਾਂ ਵਿੱਚ ਬੰਬ ਰੱਖਦੇ ਹਨ ਤਾਂ ਕਿ ਆਮ ਜਨਤਾ ਮਾਰੀ ਜਾ ਸਕੇ।
ਇੱਕ ਖਾੜਕੂ ਮੀਟਿੰਗ ਨੂੰ ਕਾਨਫਰੰਸ ਦਾ ਨਾਮ ਦੇ ਕੇ ਉਸ ਵਿੱਚ ਖਾੜਕੂ ਆਪਸ ਵਿੱਚ ਨਿੱਕੀ ਨਿੱਕੀ ਗੱਲ ਤੇ ਉਲਝਦੇ ਹਨ, ਇੱਕ ਬਜ਼ੁਰਗ ਖਾੜਕੂਆਂ ਦੀ ਮੀਟਿੰਗ ਵਿੱਚ ਕਹਿੰਦਾ ਵਿਖਾਇਆ ਗਿਆ ਹੈ ਕਿ ਦਿੱਲੀ ਨਾਲ ਗੱਲ ਕਰੋ, ਗੋਲੀ ਨਾਲ ਕੁੱਝ ਨਹੀਂ ਮਿਲਣਾ। ਇੱਕ ਖਾੜਕੂ ਕਹਿ ਰਿਹਾ ਹੈ ਅਸੀਂ ਗੰਨ ਦੀ ਤਾਕਤ ਨਾਲ ਖਾਲਿਸਤਾਨ ਬਣਾਉਣਾ ਹੈ। ਇਥੋਂ ਹੀ ਬੱਸਾਂ ਚੋਂ ਕੱਢ ਕੇ ਮਾਰਨ ਦੀ ਘਟਨਾ ਨੂੰ ਉਸ ਨਾਲ ਜੋੜ ਦਿੱਤਾ ਜਾਦਾ ਹੈ। ਅਤੇ ਕੁੱਝ ਖਾੜਕੂ ਇਸ ਕਾਂਡ ਨੂੰ ਗਲਤ ਸਮਝਦੇ ਹਨ ਤੇ ਰਾਤ ਨੂੰ ਉਕਤ ਆਗੂ ਨੂੰ ਮਾਰਨ ਚਲੇ ਜਾਂਦੇ ਹਨ। ਉਥੇ ਹੀਰੋ ਉਕਤ ਆਗੂ ਦੇ ਕੋਲ ਪਹੁਚ ਕੇ ਗੋਲਕੀ ਚਲਾਉਣ ਤੋਂ ਅਸਮਰੱਥ ਵਿਖਾਇਆ ਗਿਆ ਹੈ।
ਅਖੀਰ ਤੇ ਖਾੜਕੂ ਜਥੇਬੰਦੀ ਦਾ ਆਗੂ ਵੀ ਗਦਾਰ ਵਿæਖਾਇਆ ਗਿਆ ਹੈ ਅਤੇ ਖਾੜਕੂ ਦਾ ਸਹਿਯੋਗੀ ਬਜ਼ੁਰਗ ਵੀ ਗਦਾਰ ਵਿਖਾਇਆ ਹੈ ਜਿਸ ਨੂੰ ਦਿਲਜੀਤ ਕਤਲ ਕਰ ਦਿੰਦਾ ਹੈ।
ਦਰਅਸਲ, ਇਹ ਫਿਲਮ ਕੋਈ ਵੀ ਮੁੱਦੇ ਉਪਰ ਕੇਂਦਰਤ ਨਹੀਂ ਹੈ। ਇਹ ਕਲਪਿਤ ਕਹਾਣੀ ਹੈ ਜਿਸ ਨੂੰ ਪੰਜਾਬ 1984 ਦਾ ਨਾਮ ਦੇ ਕੇ ਫਿਲਮ ਨੂੰ ਕਾਮਯਾਬ ਕਰਨ ਦਾ ਤਰੀਕਾ ਕਿਹਾ ਜਾ ਸਕਦਾ ਹੈ।
ਇਹ ਖਾੜਕੂ ਲਹਿਰ ਨੂੰ ਬਦਨਾਮ ਕਰਦੀ ਹੈ ਅਤੇ ਖਾਲਿਸਤਾਨੀ ਚਰਿੱਤਰ ਨੂੰ ਜ਼ਾਲਮਾਨਾ ਵਿਖਾਉਂਦੀ ਹੈ। ਇਸ ਫਿਲਮ ਨੂੰ ਸਿੱਖਾਂ ਦੀ 1984 ਦੀ ਚੀਸ, ਆਜ਼ਾਦੀ ਦੀ ਲਹਿਰ ਦੇ ਸੰਦਰਭ ਵਿੱਚ ਨਹੀਂ ਲਿਆ ਜਾਣਾ ਚਾਹੀਦਾ।
ਫਿਲਮ ਪੱਖੋਂ ਕਿਰਨ ਖੇਰ ਦਾ ਰੋਲ ਬੜਾ ਹੀ ਅੱਵਲ ਹੈ। ਉਸਨੇ ਆਪਣੇ ਰੋਲ ਰਾਹੀਂ ਮਾਂ ਦੀ ਮਮਤਾ ਦਾ ਸਿਖ਼ਰ ਪੇਸ਼ ਕੀਤਾ ਹੈ।