ਚੰਡੀਗੜ੍ਹ : ਦਰਬਾਰ ਸਾਹਿਬ ਤੋਂ ਉਚਾਰਣ ਕੀਤੀ ਜਾਂਦੀ ਗੁਰਬਾਣੀ ਤੇ ਕਿਸੇ ਨਿਜੀ ਚੈਨਲ ਦੀ ਅਜਾਰੇਦਾਰੀ ਤੇ ਸਵਾਲ ਕਰਦਿਆਂ ਇਸ ਨੂੰ ਸਿੱਖੀ ਸਿਧਾਂਤਾਂ ਦੇ ਖਿਲਾਫ ਦੱਸਦਿਆਂ ਸ਼ਨਿਚਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ, ਇਸ ਨਿੱਜੀ ਚੈਨਲ ਦਾ ਮਾਲਕ ਹੋਣ ਦੇ ਨਾਤੇ, ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ। ਕਿਸੇ ਫੇਸਬੁੱਕ ਪੰਨੇ ਤੇ ਸ੍ਰੀ ਹੁਕਮਨਾਮਾ ਸਾਹਿਬ ਸਾਂਝਾ ਕੀਤੇ ਜਾਣ ਤੋਂ ਰੋਕੇ ਜਾਣ ਦੀ ਘਟਨਾ ਦੀ ਉਨ੍ਹਾਂ ਨਿੰਦਾ ਕੀਤੀ ਤੇ ਇਸ ਨੂੰ ਮੰਦਭਾਗਾ ਦੱਸਿਆ।
ਉਨ੍ਹਾ ਕਿਹਾ ਕਿ ਅਜਿਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ, ਜੋ ਕਿ ਇਸ ਚੈਨਲ ਦਾ ਸਭ ਕੁਝ ਹੈ, ਨੇ ਸਿੱਖੀ ਸਿਧਾਂਤ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਖਬੀਰ ਵੱਲੋਂ, ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੁੱਲ ਤੇ ਆਪਣੇ ਨਿੱਜੀ ਵਿੱਤੀ ਲਾਭ ਪੂਰਾ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਵਿਚ ਦਖਲ ਦੇਣਾ ਚਾਹੀਦਾ ਹੈ। ਉਨ੍ਹਾ ਇਹ ਵੀ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਐੱਸ ਜੀ ਪੀ ਸੀ ਜੋ ਕਿ ਸੁਖਬੀਰ ਦੇ ਸਿੱਧੇ ਗਲਬੇ ਹੇਠ ਹੈ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਚਾਰ ਦੇ ਸਾਰੇ ਹੱਕ ਇਕ ਨਿਗੁਣੀ ਕੀਮਤ ਤੇ ਇਕ ਨਿੱਜੀ ਚੈਨਲ ਨੂੰ ਦੇ ਦਿਤੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਆਪਣਾ ਹੈ।