ਪਟਿਆਲਾ: ਪਾਵਰਕੌਮ ਅਦਾਰੇ ਵੱਲੋਂ ਕਲਰਕਾਂ, ਜੇ.ਈਜ਼. ਤੇ ਸਬ ਸਟੇਸ਼ਨ ਇੰਚਾਰਜਾਂ ਦੀ ਚੋਣ ਵਾਸਤੇ ਲਈ ਜਾ ਰਹੀ ਪ੍ਰੀਖਿਆ ਵਿੱਚ ਪੰਜਾਬੀ ਨੂੰ ਦੂਰ ਕਰ ਦਿੱਤਾ ਗਿਆ। ਅਜਿਹੀਆਂ ਅਸਾਮੀਆਂ ਲਈ ਗਿਆਨ ਦੀ ਪਰਖ਼ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਕੀਤੀ ਜਾਵੇਗੀ।
ਪ੍ਰਸ਼ਨ ਪੱਤਰ ਵੀ ਅੰਗਰੇਜ਼ੀ ਵਿੱਚ ਹੋਣਗੇ ਅਤੇ ਜਵਾਬ ਵੀ ਅੰਗਰੇਜ਼ੀ ਵਿੱਚ ਹੀ ਮੰਗੇ ਜਾਣਗੇ। ਸੂਬੇ ਦੀ ਮਾਤ ਭਾਸ਼ਾ ਪੰਜਾਬੀ ਦਾ ਕੋਈ ਪੇਪਰ ਨਹੀਂ ਰੱਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਪਾਵਰਕੌਮ ਦੇ ਦਫ਼ਤਰੀ ਕੰਮਾਂ ਵਿੱਚ ਜ਼ਿਆਦਾਤਰ ਰਾਜ ਭਾਸ਼ਾ ਪੰਜਾਬੀ ਦੀ ਹੀ ਵਰਤੋਂ ਹੁੰਦੀ ਹੈ ਪ੍ਰੰਤੂ ਇਸ ਭਰਤੀ ਪ੍ਰੀਖਿਆ ਦੇ ਮਾਮਲੇ ਵਿੱਚ ਪੰਜਾਬੀ ਤੋਂ ਮੁੱਖ ਮੋੜ ਲਿਆ ਗਿਆ ਹੈ।
ਅੱਧ ਫਰਵਰੀ ਤੋਂ ਵੱਖ-ਵੱਖ ਅਸਾਮੀਆਂ ਦੀ ਭਰਤੀ ਪ੍ਰੀਕ੍ਰਿਆ ਸ਼ੁਰੂ ਹੋ ਰਹੀ ਹੈ। ਇਸ ਮਾਮਲੇ ਸਬੰਧੀ ਪਾਵਰਕੌਮ ਦੇ ਚੀਫ ਇੰਜਨੀਅਰ ਐਚ.ਆਰ.ਡੀ. ਦਾ ਕਹਿਣਾ ਹੈ ਕਿ ਭਰਤੀ ਪ੍ਰੀਖਿਆ ਲਈ ਦਸਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਜ਼ਰੂਰੀ ਹੈ, ਪਰ ਇਹ ਪ੍ਰੀਖਿਆ ਨਿਰੋਲ ਅੰਗਰੇਜ਼ੀ ਵਿੱਚ ਹੀ ਹੋਵੇਗੀ।
ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇ ਕਿਹਾ ਕਿ ਇੱਕ ਸਾਜ਼ਿਸ਼ ਤਹਿਤ ਪੰਜਾਬੀ ਭਾਸ਼ਾ ਨੂੰ ਹਾਸ਼ੀਏ ’ਤੇ ਸੁੱਟਿਆ ਜਾ ਰਿਹਾ ਹੈ।