ਪਾਕਿਸਤਾਨ: ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਗੋਪਾਲ ਸਿੰਘ ਨੇ ਦਸਿਆ ਕੀ ਅੱਜ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਦੇ ਪ੍ਰਧਾਨ, ਕਮੇਟੀ ਮੈਂਬਰਾਂ ਤੇ ਓਕਾਬ ਬੋਰਡ ਦੇ ਚੇਅਰਮੈਨ ਅਤੇ ਸੱਕਤਰ ਮੌਜੂਦ ਸਨ। ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਗਏ, ਜਿਸ ਵਿੱਚ 16 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਵਿਚਾਰਾਂ ਹੋਈਆਂ ਅਤੇ ਇਸ ਧਾਰਮਿਕ ਸਮਾਗਮ ਵਿੱਚ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਜੱਥੇ ਲੈ ਕੇ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਤਾਂ ਕੀ ਸ਼ਹੀਦੀ ਪੁਰਬ ਪਿਆਰ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਸਕੇ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੇੰਡਰ ਦੇ ਹਿਸਾਬ ਨਾਲ 16 ਜੂਨ 2015 ਨੂੰ ਹੀ ਮਨਾਇਆ ਜਾਵੇਗਾ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਗੁਰਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਪਰਮਜੀਤ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਂਦੀ ਹੈ , ਜੋ ਕੀ ਉਸ ਦਿਨ ਇਸ ਕਾਰ ਸੇਵਾ ਦੀ ਸ਼ੁਰੁਆਤ ਕਰਣਗੇ ਜਿਸ ਨੂੰ ਪਾਕਿਸਤਾਨ ਦੀ ਸਮੂਹ ਸੰਗਤਾਂ ਪੂਰਨ ਸਹਿਯੋਗ ਦੇਣਗੀਆਂ ਅਤੇ ਇਸ ਸਬੰਧੀ ਤਿਆਰੀਆ ਜੰਗੀ ਪੱਧਰ ਤੇ ਸ਼ੁਰੂ ਵੀ ਕਰ ਦਿੱਤੀਆ ਗਈਆ ਹਨ।
ਉਨ੍ਹਾਂ ਨੇ ਗੱਲ ਕਰਦੇ ਹੋਏ ਦਸਿਆ ਕੀ ਜੋ ਮੌਜੂਦਾ ਦਿੱਲੀ ਕਮੇਟੀ ਦਾ ਵਫਦ ਜੋ ਪਾਕਿਸਤਾਨ ਗਿਆ ਸੀ ਤੇ ਜਿਨ੍ਹਾਂ ਨੇ ਸੰਗਤਾਂ ਵਿੱਚ ਕਈ ਤਰਾਂ ਦੇ ਭੁਲੇਖੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਚਿਰ ਤੱਕ ਸਿੱਖ ਪੰਥ ਦੇ ਅਹਿਮ ਦਸਤਾਵੇਜ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਨੂੰ ਯਕੀਨੀ ਨਹੀ ਬਣਾਉਦੇ ਉਸ ਸਮੇਂ ਤੱਕ ਪਾਕਿਸਤਾਨ ਦੇ ਕਿਸੇ ਵੀ ਗੁਰਧਾਮ ਦੀ ਕਾਰ ਸੇਵਾ ਇਹਨਾਂ ਨੂੰ ਦੇਣ ਬਾਰੇ ਸੋਚਿਆ ਵੀ ਨਹੀ ਜਾ ਸਕਦਾ। ਇਸ ਤੋਂ ਅੱਜ ਮੀਟਿੰਗ ਵਿਚ ਇਹ ਵੀ ਫੈਸਲਾ ਲਿੱਤਾ ਗਿਆ ਕੀ ਅਸੀਂ ਦਿੱਲੀ ਕਮੇਟੀ ਨੂੰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਦੇਣ ਨੂੰ ਤਿਆਰ ਹਾਂ ਪਰ ਗੁਰਦੁਆਰਾ ਰਕਾਬ ਗੰਜ ਸਾਹਿਬ ਜਾਂ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਸੇਵਾ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਦਿੱਤੀ ਜਾਵੇ। ਜੇਕਰ ਓਹ ਇਹ ਸੇਵਾ ਦੇ ਸਕਦੇ ਹਨ ਤਾਂ ਉਨ੍ਹਾਂ ਦੀਆਂ ਮੰਗਾਂ ਬਾਰੇ ਵੀ ਖੁੱਲ-ਦਿਲੀ ਨਾਲ ਵਿਚਾਰ ਕੀਤੀ ਜਾ ਸਕਦੀ ਹੈ।