ਆਮ ਖਬਰਾਂ

12ਵੀਂ ਜਮਾਤ ਦਾ ਹਿਸਾਬ ਦਾ ਇਮਤਿਹਾਨ ਲੀਕ ਹੋਣ ਦੀਆਂ ਖਬਰਾਂ ਬਾਅਦ ਰੱਦ, 31 ਮਾਰਚ ਨੂੰ ਹੋਵੇਗਾ ਇਮਤਿਹਾਨ

By ਸਿੱਖ ਸਿਆਸਤ ਬਿਊਰੋ

March 21, 2018

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਹਿਸਾਬ ਦਾ ਇਮਤਿਹਾਨ ਲੀਕ ਹੋਣ ਦੀਆਂ ਖਬਰਾਂ ਦੇ ਚਲਦਿਆਂ ਬੋਰਡ ਨੇ ਕੱਲ੍ਹ (ਮੰਗਲਵਾਰ) ਨੂੰ ਹੋਣ ਵਾਲਾ ਇਹ ਇਮਤਿਹਾਨ ਰੱਦ ਕਰ ਦਿੱਤਾ ਸੀ ਅਤੇ ਹੁਣ ਇਹ ਇਮਤਿਹਾਨ 31 ਮਾਰਚ ਨੂੰ ਹੋਵੇਗਾ।

ਬੀਤੇ ਕੱਲ੍ਹ ਪੂਰੇ ਪੰਜਾਬ ਵਿਚ ਕਰੀਬ 55,000 ਰੈਗੁਲਰ ਅਤੇ 679 ਪ੍ਰਾਈਵੇਟ ਵਿਦਿਆਰਥੀਆਂ ਨੇ ਇਹ ਇਮਤਿਹਾਨ ਦੇਣਾ ਸੀ, ਜਿਸ ਦਾ ਸਮਾਂ ਦੁਪਹਿਰ 2 ਤੋਂ ਸ਼ਾਮ 5 ਵਜੇ ਤਕ ਸੀ। ਪਰ ਸਵੇਰੇ 11 ਵਜੇ ਸਿੱਖਿਆ ਬੋਰਡ ਦੇ ਇਮਤਿਹਾਨ ਕੰਟਰੋਲ ਰੂਮ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਹਿਲਾਂ ਭੇਜੇ ਗਏ ਪ੍ਰਸ਼ਨ ਪੱਤਰ ਨੂੰ ਮੇਲ ਰਾਹੀਂ ਭੇਜੇ ਗਏ ਨਵੇਂ ਪ੍ਰਸ਼ਨ ਪੱਤਰ ਨਾਲ ਬਦਲਿਆ ਜਾਵੇ ਅਤੇ ਉਸ ਰਾਹੀਂ ਇਮਤਿਹਾਨ ਲਿਆ ਜਾਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਇਮਤਿਹਾਨ ਕੰਟਰੋਲਰਾਂ ਨੂੰ ਸੁਨੇਹੇ ਲਾ ਦਿੱਤੇ ਕਿ ਉਹ ਨਵੇਂ ਪ੍ਰਸ਼ਨ ਪੱਤਰਾਂ ਦੇ ਪ੍ਰਿੰਟਆਊਟ ਜ਼ਿਲ੍ਹਾ ਦਫਤਰਾਂ ਤੋਂ ਆ ਕੇ ਲੈ ਜਾਣ।

ਪਰ ਇਮਤਿਹਾਨ ਦੇ ਸਮੇਂ 3 ਵਜੇ ਤਕ ਪ੍ਰਸ਼ਨ ਪੱਤਰਾਂ ਦੇ ਨਵੇਂ ਸੈਟ ਤਿਆਰ ਨਹੀਂ ਹੋ ਸਕੇ ਤੇ 3 ਵਜੇ ਬੋਰਡ ਨੇ ਇਮਤਿਹਾਨ ਰੱਦ ਕਰਨ ਦਾ ਐਲਾਨ ਕਰ ਦਿੱਤਾ।

ਬੋਰਡ ਦੇ ਸਕੱਤਰ ਹਰਗੁਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵਟਸਐਪ ਰਾਹੀਂ ਪੇਪਰ ਲੀਕ ਹੋਣ ਬਾਰੇ ਪਤਾ ਲੱਗਿਆ। ਜਿਸ ਦੀ ਘੋਖ ਕਰਨ ਤੋਂ ਬਾਅਦ ਪੇਪਰ ਨੂੰ ਰੱਦ ਕਰਨ ਦਾ ਫੈਂਸਲਾ ਕੀਤਾ ਗਿਆ।

ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: