January 2, 2015 | By ਸਿੱਖ ਸਿਆਸਤ ਬਿਊਰੋ
ਲੰਡਨ (1 ਜਨਵਰੀ, 2015): ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ, ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 14 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਬੇਹੱਦ ਚਿੰਤਾਜਨਕ ਸਥਿਤੀ ਵਿੱਚ ਹੈ ।ਕਿਸੇ ਵੀ ਵਕਤ ਕੋਈ ਭਾਣਾ ਵਰਤ ਸਕਦਾ ਹੈ ਇਸ ਕਰਕੇ ਸਮੂਹ ਸਿੱਖ ਜਗਤ ਨੂੰ ਵਿਸ਼ੇਸ਼ ਧਿਆਨ ਦਿੰਦਿਆਂ ਸਾਰਥਕ ਉਪਰਾਲੇ ਕਰਨ ਦੀ ਲੋੜ ਹੈ ।
ਬਰਤਾਨੀਆਂ ਵਿੱਚ ਅਜ਼ਾਦ ਸਿੱਖ ਰਾਜ ਦੇ ਕੌਮੀ ਨਿਸ਼ਾਨੇ ਨੂੰ ਸਮਰਪਤ ਸਮੂਹ ਸਿੱਖ ਜਥੇਬੰਦੀਆਂ ਦੀ ਸਾਂਝੀ ਕੋਆਰਡੀਨੇਸ਼ਨ ਸੰਸਥਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਵਲੋਂ ਸਿੱਖ ਜਗਤ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਇਸ ਚਿੰਤਾਜਨਕ ਅਤੇ ਨਾਜੁਕ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਸਥਾਪਤ ਭਾਰਤੀ ਅੰਬੈਸੀਆਂ ਦੇ ਸਾਹਮਣੇ ਰੋਸ ਮੁਜਹਰੇ ਕਰਕੇ ਭਾਰਤੀ ਹਾਈ ਕਮਿਸ਼ਨਰਾਂ ਨੂੰ ਯਾਦ ਦਿੱਤੇ ਜਾਣ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ,ਭਾਈ ਕੁਲਦੀਪ ਸਿੰਘ ਚਹੇੜੂ ,ਮੀਡੀਆ ਕਮੇਟੀ ਮੈਂਬਰ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਵੰਤ ਸਿੰਘ ਢੇਸੀ ਆਖਿਆ ਗਿਆ ਕਿ ਬੜੇ ਅਫਸੋਸ ਵਾਲੀ ਗੱਲ ਹੈ ਕਿ ਅਨੇਕਾਂ ਸਿੱਖ ਵੀਹ ਵੀਹ ਸਾਲ ਤੋਂ ਜੇਹਲਾਂ ਵਿੱਚ ਬੰਦ ਹਨ ਪਰ ਉਹਨਾਂ ਦੀ ਨਾ ਰਿਹਾਈ ਹੋ ਰਹੀ ਹੈ ਅਤੇ ਨਾ ਹੀ ਨੂੰ ਪੈਰੋਲ ਤੇ ਛੁੱਟੀ ਮਿਲਦੀ ਹੈ ਜਦਕਿ ਸੰਜੇ ਦੱਤ ਵਰਗੇ ਲੋਕ ਹਰ ਦੂਜੇ ਤੀਜੇ ਮਹੀਨੇ ਪੈਰੋਲ ਤੇ ਘਰ ਆ ਰਹੇ ਹਨ ਅਤੇ ਬੇਗੁਨਾਹ ਸਿੱਖਾਂ ਨੂੰ ਕਤਲ ਕਰਨ ਵਾਲਾ ਖੋਖਰ ਇੱਕ ਮਹੀਨੇ ਦੀ ਪੈਰੋਲ ਮੰਗਦਾ ਹੈ ਤਾ ਅਦਾਲਤ ਵਲੋਂ ਉਸ ਨੂੰ ਦੋ ਮਹੀਨੇ ਦੀ ਪੈਰੋਲ ਦਿੱਤੀ ਜਾ ਰਹੀ ਹੈ ।
ਅੱਜ ਕੇਂਦਰ ਅਤੇ ਪੰਜਾਬ ਸਰਕਾਰ ਤੇ ਭਾਰੀ ਦਬਾਅ ਬਣਾਉਣ ਦੀ ਲੋੜ ਹੈ ਜਿਸ ਨੇ 48 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਸਰਗਰਮੀ ਨਹੀਂ ਦਿਖਾਈ ।
ਸਿੱਖ ਕੌਮ ਦੇ ਜਥੇਦਾਰ ,ਧਾਰਮਿਕ ਅਤੇ ਰਾਜਨੀਤਕ ਆਗੂ ਕੇਵਲ ਪੱਤਰ ਲਿਖ ਕੇ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕਦੇ । ਕੇਂਦਰੀ ਅਤੇ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ ਹੈ ਕਿ ਉਹ ਭਾਈ ਗੁਰਬਖਸ਼ ਸਿੰਘ ਵਲੋਂ ਅਣਮਿੱਥੇ ਸਮੇਂ ਲਈ ਅਰੰਭ ਕੀਤੀ ਹੋਈ ਇਸ ਭੁੱਖ ਹੜਤਾਲ ਦੇ ਮੰਤਵ ਅਤੇ ਮਕਸਦ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਹਨਾਂ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ , ਉਹਨਾਂ ਨੂੰ ਤੁਰੰਤ ਰਿਹਾਅ ਕਰੇ ।
Related Topics: Federation Of Sikh Organizations UK, Gurbaksh Singh Khalsa, Sikhs in Jails