ਸਿਡਨੀ (9 ਜਨਵਰੀ, 2015): ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਤੋ ਵੀ ਵੱਧ ਸਮਾਂ ਜੇਲਾਂ ਵਿੱਚ ਕੱਟਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਕਜਾ ਰਹੇ ਸਿੱਖ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਲਈ ਆਸਟ੍ਰੇਲੀਆ ਦੀਆਂ ਸਮੂਹਿਕ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਇਹ ਨਿਰਣਾ ਲਿਆ ਹੈ ਕਿ 12 ਜਨਵਰੀ ਦਿਨ ਐਤਵਾਰ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਮੁਜ਼ਾਹਰਾ ਕੀਤਾ ਜਾਵੇਗਾ ।
ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਬਾਵਜੂਦ ਮੌਜੂਦਾ ਸਰਕਾਰਾਂ ਅਣਸੁਣਿਆ ਕਰ ਰਹੀਆਂ ਹਨ । ਭਾਈ ਉਪਕਾਰ ਸਿੰਘ ਨੇ ਦੱਸਿਆ ਕਿ ਰਾਜਧਾਨੀ ਵਿਚ ਇਕ ਲਿਖਤੀ ਮੰਗ ਪੱਤਰ ਵੀ ਭਾਰਤੀ ਰਾਜਦੂਤ ਦੇ ਸਪੁਰਦ ਕੀਤਾ ਜਾਵੇਗਾ, ਜਿਸ ਵਿਚ ਸਿੱਖਾਂ ਨਾਲ ਹੋਈ ਵਧੀਕੀ ਪ੍ਰਤੀ ਦੱਸਿਆ ਜਾਵੇਗਾ ।
ਗਲੈਨਵੁੱਡ ਅਤੇ ਰਿਵਸਵੀ ਗੁਰੂਘਰਾਂ ਤੋਂ ਕਈ ਬੱਸਾਂ ਸਵੇਰੇ 6.30 ਵਜੇ ਚੱਲਣਗੀਆਂ ਅਤੇ ਪੂਰੇ ਆਸਟ੍ਰੇਲੀਆ ਭਰ ਤੋਂ ਸਿੱਖ ਇਸ ਮੌਕੇ ਕੈਨਬਰਾ ਪਹੁੰਚ ਰਹੇ ਹਨ ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਿਡਨੀ ਦੇ ਕੁਝ ਸਿੱਖ ਕੈਨਬਰਾ ਜਾ ਕੇ ਮੰਗ ਪੱਤਰ ਦੇ ਕੇ ਆਏ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਸਮੂਹ ਜਥੇਬੰਦੀਆਂ ਨੇ ਪੰਜਾਬ ਬੰਦ ਦੀ ਸ਼ਮੂਲੀਅਤ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਪੰਜਾਬ ਬੰਦ ਵਿਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਬੋਲੀ ਸਰਕਾਰ ਦੇ ਕੰਨੀਂ ਆਵਾਜ਼ ਪੈ ਸਕੇ ।
ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਸਮਰਥਨ ਵਿਚ ਸਿਡਨੀ ਦੇ ਗਲੈਨਵੁੱਡ ਅਤੇ ਰਿਵਸਵੀ ਗੁਰੂਘਰ ਵਿਚ ਵੀ ਹਰ ਰੋਜ਼ ਸਿੰਘ ਭੁੱਖ ਹੜਤਾਲ ਲਈ ਬਹਿੰਦੇ ਹਨ ਅਤੇ ਰੱਬੀ ਬਾਣੀ ਦਾ ਜਾਪ ਕਰਦੇ ਹਨ ।