ਲੰਡਨ: ਬਰਤਾਨੀਆ ਵਿੱਚ ਘੱਲੂਘਾਰਾ ਜੂਨ 1984 ਦੀ 34ਵੀਂ ਵਰ੍ਹੇਗੰਢ ਮੌਕੇ ਸਿੱਖ ਜਥੇਬੰਦੀਆਂ ਦੇ ਸਮੂਹ “ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼” (ਐਫ.ਐਸ.ਓ) ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਲੰਡਨ ਵਿਚ ਘੱਲੂਘਾਰਾ ਯਾਦਗਾਰੀ ਮਾਰਚ ਅਤੇ ਅਜ਼ਾਦੀ ਰੈਲੀ ਕੀਤੀ ਗਈ।
ਲੰਡਨ ਸਥਿਤ ਹਾਈਡ ਪਾਰਕ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਸਵੇਰੇ ਗਿਆਰਾਂ ਵਜੇ ਸਿੱਖ ਸੰਗਤਾਂ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੀਆਂ, ਜਿੱਥੇ ਇੱਕ ਵਜੇ ਤੱਕ ਮੰਚ ਸਜਾਇਆ ਗਿਆ। ਚਾਰ ਚੁਫੇਰੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਦਾ ਹੜ੍ਹ ਆਇਆ ਹੋਇਆ ਸੀ, ਜੋ ਕਿ ਖਾਲਸੇ ਦੀ ਚੜਦੀ ਕਲਾ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਵਾਰਸਾਂ ਦੇ ਦ੍ਰਿੜ ਇਰਾਦੇ ਦਾ ਜਲੌਅ ਨਜ਼ਰ ਆ ਰਿਹਾ ਸੀ।
ਵੱਖ ਵੱਖ ਗੁਰਦਵਾਰਾ ਸਾਹਿਬਾਨ ਦੇ ਨੁਮਾਇੰਦਿਆਂ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੇ ਜ਼ੋਰ ਦਿਤਾ। ਇੰਗਲੈਂਡ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ 20 ਹਜ਼ਾਰ ਦੇ ਲੱਗਭਗ ਸਿੱਖ ਸੰਗਤਾਂ ਵਲੋਂ ਇਸ ਮੌਕੇ ਹਾਜ਼ਰੀ ਭਰੀ ਗਈ।
ਐਫ. ਐਸ. ਓ. ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੀ ਲਹਿਰ ਸਦਾ ਹੀ ਪ੍ਰਚੰਡ ਰਹੇਗੀ ਅਤੇ ਸਰਕਾਰਾਂ ਦਾ ਜ਼ੁਲਮ ਸਿੱਖ ਕੌਮ ਨੂੰ ਦਬਾ ਨਹੀਂ ਸਕੇਗਾ।
ਦੁਪਿਹਰ ਦੇ ਇੱਕ ਵਜੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਬਰਤਾਨੀਆ ਦੇ ਸ਼ਾਹੀ ਮਹਿਲਾਂ ਲਾਗਿਉਂ ਲੰਘਦਾ ਹੋਇਆ ਖਾਲਸਾਈ ਨਾਅਰਿਆਂ ਤੇ ਜਕਾਰਿਆਂ ਦੀ ਗੂੰਜ ਵਿੱਚ ਢਾਈ ਵਜੇ ਟਰੈਫਾਲਗਰ ਸੁਕਏਅਰ ਵਿਖੇ ਪੁੱਜਾ। ਜਿੱਥੇ ਸ਼ਾਮ ਦੇ ਪੰਜ ਵਜੇ ਤੱਕ ਹੱਕ “ਸੱਚ, ਇਨਸਾਫ ਅਤੇ ਅਜਾਦੀ” ਦੇ ਵਿਸ਼ਿਆਂ ‘ਤੇ ਰੈਲੀ ਕੀਤੀ ਗਈ । ਸਟੇਜ ਦੀ ਕਾਰਵਾਈ ਨੌਜਵਾਨ ਜਸ ਸਿੰਘ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਮੁਖੀ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਚਲਾਈ ਗਈ।
ਹਾਈਡ ਪਾਰਕ ਅਤੇ ਟਰੈਫਾਲਗਰ ਸੁਕਏਅਰ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਦਵਿੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ, ਭਾਈ ਰਜਿੰਦਰ ਸਿੰਘ ਚਿੱਟੀ, ਭਾਈ ਮੰਗਲ ਸਿੰਘ, ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਚਰਨ ਸਿੰਘ, ਨੌਜਵਾਨ ਭਾਈ ਜਗਜੀਤ ਸਿੰਘ ਜੀਤਾ, ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਯੁਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਨਿਰੰਜਨ ਸਿੰਘ ਬਾਸੀ, ਭਾਈ ਮਨਜੀਤ ਸਿੰਘ ਖਾਨੋਵਾਲ, ਭਾਈ ਬਲਜਿੰਦਰ ਸਿੰਘ, ਬੀਬੀ ਅਵਨੀਤ ਕੌਰ, ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਮੁਖੀ ਭਾਈ ਮਨਬੀਰ ਸਿੰਘ ਚਹੇੜੂ ਦੀ ਮਾਤਾ ਬੀਬੀ ਸੁਰਜੀਤ ਕੌਰ, ਭਾਈ ਅਵਤਾਰ ਸਿੰਘ ਖੰਡਾ ਸਪੁੱਤਰ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ, ਭਾਈ ਗੁਰਪ੍ਰੀਤ ਸਿੰਘ ਸਪੁੱਤਰ ਸ਼ਹੀਦ ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਬੌਬੀ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੋਤਰੇ ਗਿਆਨੀ ਅਵਤਾਰ ਸਿੰਘ ਬੱਧਨੀ, ਭਾਈ ਹਰਜੀਤ ਸਿੰਘ ਸਰਪੰਚ, ਭਾਈ ਇੰਦਰ ਸਿੰਘ ਜੰਮੂ, ਮੇਜਰ ਸਿੰਘ ਖੱਖ ਆਦਿ ਸ਼ਾਮਿਲ ਸਨ।
ਪ੍ਰੋਗਰਾਮ ਸਮਾਪਤੀ ਤੋਂ ਬਾਅਦ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ 2015 ਦੇ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿੱਚ ਐਲਾਨੇ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਵਿੱਢੇ ਗਏ ਮੋਰਚੇ ਦਾ ਡੱਟ ਕੇ ਸਮਰਥਨ ਕਰਦਿਆਂ ਪੰਜਾਬ ਭਰ ਦੇ ਸਿੱਖਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ ਗਈ।