ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਝੰਡੇ ਹੇਠ ਸ਼ੁਕਰਵਾਰ ਨੂੰ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਟਰਾਲੀਆਂ ਵਿੱਚ ਭਰ ਕੇ ਐਸਡੀਐਮ ਅਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਛੱਡਿਆ ਗਿਆ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਰਾਸ਼ਟਰੀ ਕੋਆਰਡੀਨੇਟਰ ਅਜਮੇਰ ਸਿੰਘ ਲੱਖੋਵਾਲ ਵੱਲੋਂ ਜਾਰੀ ਬਿਆਨ ਅਨੁਸਾਰ ਕਿਸਾਨਾਂ ਵੱਲੋਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਇਨ੍ਹਾਂ ਦਫਤਰਾਂ ਅੱਗੇ ਛੱਡਣ ਉਪਰੰਤ ਡਿਪਟੀ ਕਮਿਸ਼ਨਰਾਂ ਤੇ ਐਸ.ਡੀ.ਐਮ. ਰਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਰਾਜ ਵਿੱਚ ਅਵਾਰਾ ਪਸ਼ੂਆਂ-ਕੁੱਤਿਆਂ/ਸਾਨਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਕਾਰਨ ਕਿਸਾਨਾਂ ਦਾ ਬਹੁਤ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਹੈ।
ਇਨ੍ਹਾਂ ਦੀ ਰੋਕਥਾਮ ਲਈ ਤੁਰੰਤ ਯੋਗ ਕਦਮ ਉਠਾਏ ਜਾਣ। ਇਹ ਵੀ ਮੰਗ ਕੀਤੀ ਗਈ ਕਿ ਰਾਜ ਵਿੱਚ ਕੁਝ ਅਖੌਤੀ ਗਊ ਰੱਖਿਅਕਾਂ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਨੂੰ ਠੱਲ੍ਹ ਪਾਈ ਜਾਵੇ ਕਿਉਂਕਿ ਇਨ੍ਹਾਂ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕ ਵਪਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਾਰਨ ਪਸ਼ੂ ਪਾਲਕ ਕਿਸਾਨਾਂ ਦਾ ਦੁਧਾਰੂ ਪਸ਼ੂਆਂ ਦੀ ਖਰੀਦ ਵੇਚ ਅਤੇ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣਾ ਅਸੰਭਵ ਹੋਇਆ ਪਿਆ ਹੈ। ਇਨ੍ਹਾਂ ਕਾਰਨ ਬਾਹਰਲੇ ਰਾਜਾਂ ਤੋਂ ਪਸ਼ੂਆਂ ਦੇ ਵਪਾਰੀ ਅਤੇ ਦੁੱਧ ਉਤਪਾਦਕਾਂ ਨੇ ਪੰਜਾਬ ਆਉਣਾ-ਜਾਣਾ ਬੰਦ ਕਰ ਦਿੱਤਾ ਹੈ। ਇਹ ਵਪਾਰ ਠੱਪ ਹੋ ਕੇ ਰਹਿ ਗਿਆ ਹੈ।
ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਸ਼ਹਿਰਾਂ ਵਿੱਚ ਨਗਰ ਕੌਂਸਲਾਂ ਅਤੇ ਪਿੰਡਾਂ ਵਿੱਚ ਗਰਾਮ ਪੰਚਾਇਤਾਂ ਨੂੰ ਅਵਾਰਾ ਗਊਆਂ/ਸਾਨਾਂ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਜੋ ਸਰਕਾਰੀ ਖਰਚੇ ’ਤੇ ਇਨ੍ਹਾਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਣ। ਗੁੱਜਰਾਂ ਉਪਰ ਵੀ ਪਸ਼ੂਆਂ ਨੂੰ ਖੁੱਲ੍ਹੇਆਮ ਛੱਡਣ ਉਪਰ ਪਾਬੰਦੀ ਲਾਈ ਜਾਵੇ ਕਿਉਂਕਿ ਇਹ ਸੜਕ ਦੇ ਦੋਵੇਂ ਪਾਸੇ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ।
ਇਹ ਵੀ ਮੰਗ ਕੀਤੀ ਗਈ ਕਿ ਜੰਗਲੀ ਜਾਨਵਰ ਜਿਵੇਂ ਜੰਗਲੀ ਸੂਰ, ਰੋਜ਼ ਆਦਿ ਨੂੰ ਮਾਰਨ ਦੀ ਖੁੱਲ੍ਹ ਦਿੱਤੀ ਜਾਵੇ, ਕਿਉਂਕਿ ਇਹ ਵੀ ਕਿਸਾਨਾਂ ਦਾ ਬਹੁਤ ਨੁਕਸਨ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਰਾਜ ਸਰਕਾਰ ਵੱਲੋਂ ਗਊ ਸੈੱਸ ਵੀ ਲਗਾਇਆ ਗਿਆ ਹੈ ਅਤੇ ਇਸ ਸਬੰਧੀ ਇਕ ਬੋਰਡ ਦਾ ਗਠਨ ਵੀ ਕੀਤਾ ਗਿਆ ਹੈ, ਪ੍ਰੰਤੂ ਅਜੇ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਵਾਰਾ ਪਸ਼ੂਆਂ ਨੂੰ ਸਾਂਭਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਜਥੇਬੰਦੀ ਕੁਝ ਗਲਤ ਅਨਸਰਾਂ ਵੱਲੋਂ ਧਰਮ ਦੇ ਨਾਂ ’ਤੇ ਕਿਸਾਨਾਂ ਅਤੇ ਗਊ ਪਾਲਕ ਡੇਅਰੀ ਕਿਸਾਨਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਦਾ ਸਖਤ ਵਿਰੋਧ ਕਰਦੀ ਹੈ।