ਸੰਗਰੂਰ: ਡੇਰਾ ਸਿਰਸਾ ਮੁਖੀ ਨਾਲ ਨਜ਼ਦੀਕੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਸਿੱਧੀ ਸ਼ਮੂਲੀਅਤ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰ ਰਹੇ ਬਾਦਲਾਂ ਲਈ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਬਾਦਲ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦਾ ਵਿਰੋਧ ਸਿੱਖਾਂ ਵਲੋਂ ਕੀਤਾ ਜਾਂਦਾ ਹੈ। ਇਥੇ ਸਿੱਖ ਸੰਗਤ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਇਸ ਦੌਰਾਨ ਬਾਦਲ ਦੇ ਗੱਡੀਆਂ ਦੇ ਕਾਫ਼ਲੇ ਉਪਰ ਜੁੱਤੀ ਵੀ ਸੁੱਟੀ ਗਈ ਅਤੇ ਇੱਕ ਗੱਡੀ ਉਪਰ ਡਾਂਗ ਵੀ ਲੱਗੀ ਹੈ। ਸਿੱਖ ਕਾਰਕੁਨਾਂ ਨੂੰ ਰੋਕਣ ਮੌਕੇ ਪੁਲੀਸ ਦੀ ਉਨ੍ਹਾਂ ਨਾਲ ਝੜਪ ਵੀ ਹੋਈ। ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਕਰੀਬ ਚਾਰ ਘੰਟੇ ਤੱਕ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਨਜ਼ਦੀਕ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਥੇ ‘ਪਟਿਆਲਾ ਰੈਲੀ’ ਦੀ ਤਿਆਰੀ ਮੀਟਿੰਗ ’ਚ ਭਾਗ ਲੈਣ ਪੁੱਜੇ ਸਨ। ਬਾਦਲ ਦੇ ਪੁੱਜਣ ਤੋਂ ਪਹਿਲਾਂ ਹੀ ਸਿੱਖ ਸੰਗਤ ਕਾਲੀਆਂ ਝੰਡੀਆਂ ਲੈ ਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਨਜ਼ਦੀਕ ਪੁੱਜ ਗਈ ਸੀ ਪਰ ਪੁਲੀਸ ਵੱਲੋਂ ਸਖਤ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਸਿੱਖਾਂ ਦੀ ਪੁਲੀਸ ਨਾਲ ਮਾਮੂਲੀ ਝੜਪ ਵੀ ਹੋਈ। ਇਸ ਮਗਰੋਂ ਗੁਰਦੁਆਰੇ ਨੂੰ ਜਾਂਦੀ ਸੜਕ ਦੇ ਕਿਨਾਰੇ ਸਿੱਖ ਕਾਲੀਆਂ ਝੰਡੀਆਂ ਲੈ ਕੇ ਖੜ੍ਹ ਗਏ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਮੌਕੇ ’ਤੇ ਐੱਸਪੀ ਜਗਜੀਤ ਸਿੰਘ ਸਰੋਆ, ਡੀਐੱਸਪੀ ਸੱਤਪਾਲ ਸ਼ਰਮਾ ਅਤੇ ਕਈ ਥਾਣਾ ਮੁਖੀ ਵੱਡੀ ਗਿਣਤੀ ’ਚ ਪੁਲੀਸ ਫੋਰਸ ਸਮੇਤ ਮੌਜੂਦ ਸਨ।
ਕਰੀਬ ਪੌਣੇ ਚਾਰ ਵਜੇ ਜਿਉਂ ਹੀ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਦਾ ਕਾਫ਼ਲਾ ਗੁਰਦੁਆਰੇ ਵੱਲ ਜਾਣ ਲਈ ਕੋਲੋਂ ਲੰਘਿਆ ਤਾਂ ਸੜਕ ਕਿਨਾਰੇ ਖੜ੍ਹੀ ਸਿੱਖ ਸੰਗਤ ਕਾਲੀਆਂ ਝੰਡੀਆਂ ਲੈ ਕੇ ਕਾਫਲੇ ਵੱਲ ਵਧੀ ਅਤੇ ਸਿੱਖਾਂ ਵਿਚੋਂ ਇੱਕ ਨੇ ਸੁਖਬੀਰ ਦੀਆਂ ਗੱਡੀਆਂ ਦੇ ਕਾਫ਼ਲੇ ਉਪਰ ਜੁੱਤੀ ਸੁੱਟੀ, ਜੋ ਗੱਡੀ ਦੀ ਇੱਕ ਸਾਈਡ ’ਤੇ ਲੱਗੀ। ਕਾਫ਼ਲੇ ਦੀ ਇੱਕ ਗੱਡੀ ਉਪਰ ਝੰਡੇ ਵਾਲੀ ਸੋਟੀ ਵੀ ਲੱਗੀ ਹੈ। ਸਿੱਖ ਸੰਗਤ ਦੀ ਅਗਵਾਈ ਕਰ ਰਹੇ ਗੁਰਮਤਿ ਪ੍ਰਚਾਰ ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ, ਬਾਬਾ ਅਮਰਜੀਤ ਸਿੰਘ ਕਣਕਵਾਲ ਭੰਗੂਆਂ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ’ਚ ਗੋਲੀ ਕਾਂਡ ਲਈ ਜ਼ਿੰਮੇਵਾਰ ਹੈ, ਜਿਸ ਨੂੰ ਇਥੇ ਗੁਰਦੁਆਰੇ ਵਿਚ ਸਿਆਸੀ ਮੀਟਿੰਗ ਕਰਨ ਦਾ ਕੋਈ ਹੱਕ ਨਹੀਂ ਹੈ। ਸਿੱਖ ਸੰਗਤ ਅੱਜ ਬਾਦਲ ਨੂੰ ਗੁਰਦੁਆਰੇ ਵਿਚ ਮੀਟਿੰਗ ਕਰਨ ਤੋਂ ਰੋਕਣ ਅਤੇ ਵਿਰੋਧ ਕਰਨ ਲਈ ਪੁੱਜੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਆਗੂ ਗੁਰਦੁਆਰੇ ਵਿਚ ਮੀਟਿੰਗਾਂ ਕਰ ਰਹੇ ਹਨ ਜਦੋਂਕਿ ਸਿੱਖ ਸੰਗਤ ਨੂੰ ਪੁਲੀਸ ਨੇ ਗੁਰੂ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਾਦਲ ਦਲ ਦੇ ਕਾਰਕੁਨ ਵੀ ਰੋਹ ਵਿਚ ਆ ਗਏ। ਪੁਲੀਸ ਨੇ ਸਿੱਖ ਕਾਰਕੁਨਾਂ ਨੂੰ ਨੇੜੇ ਹੀ ਕਾਰ ਸੇਵਾ ਵਾਲੇ ਸਥਾਨ ਵਿਚ ਬੰਦ ਕਰ ਦਿੱਤਾ ਅਤੇ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ। ਬਾਦਲ ਦਲ ਦੇ ਕਾਰਕੁਨ ਨਾਅਰੇਬਾਜ਼ੀ ਕਰਦੇ ਹੋਏ ਕਾਰ ਸੇਵਾ ਵਾਲੇ ਸਥਾਨ ਦੇ ਅੱਗੇ ਪਹੁੰਚ ਗਏ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਾਦਲ ਦਲ ਦੇ ਕਾਰਕੁੰਨਾਂ ਵੱਲੋਂ ਸੁਖਬੀਰ ਦੀਆਂ ਗੱਡੀਆਂ ਦੁਆਲੇ ਘੇਰਾ ਬਣਾਉਂਦਿਆਂ ਉਥੋਂ ਲੰਘਾਇਆ ਗਿਆ।
ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਲਈ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਸੰਗਰੂਰ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਪੁਲੀਸ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ। ਬਾਦਲ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਇਸ ਘਟਨਾ ਨੂੰ ਸੁਖਬੀਰ ਸਿੰਘ ਬਾਦਲ ਉਪਰ ਜਾਨਲੇਵਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਅਗਲੀ ਕਾਰਵਾਈ ਹੁਣ ਪੁਲੀਸ ਨੇ ਕਰਨੀ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਉਹ ਆਪਣੀ ਰਿਹਾਇਸ਼ ਤੋਂ ਸੁਖਬੀਰ ਸਿੰਘ ਬਾਦਲ ਦੀ ਗੱਡੀ ’ਚ ਬੈਠ ਕੇ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਪੁਲੀਸ ਦੀ ਹਾਜ਼ਰੀ ’ਚ ਸੜਕ ਦਾ ਡਿਵਾਈਡਰ ਪਾਰ ਕਰਕੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਦੀ ਇਸ਼ਾਰੇ ’ਤੇ ਹੋਇਆ ਹੈ।
ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ: ਐੱਸਐੱਸਪੀ
ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਪੁਲੀਸ ਨੂੰ ਘਟਨਾ ਸਬੰਧੀ ਸ਼ਿਕਾਇਤ ਮਿਲ ਚੁੱਕੀ ਹੈ। ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਹਨ। ਘਟਨਾ ਲਈ ਜੋ ਵੀ ਲੋਕ ਜ਼ਿੰਮੇਵਾਰ ਹੋਣਗੇ, ਉਨ੍ਹਾਂ ਖ਼ਿਲਾਫ ਕਾਨੂੰਨ ਅਨੁਸਾਰ ਕੇਸ ਦਰਜ ਕੀਤਾ ਜਾਵੇਗਾ।