ਚੰਡੀਗੜ੍ਹ: ਬੀਤੇ ਸ਼ਨੀਵਾਰ ਨਵਾਂ ਸ਼ਹਿਰ ਅਦਾਲਤ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ ਵਿਚ ਕੀਤੀ ਗਈ ਉਮਰਕੈਦ ਦੇ ਫ਼ੈਸਲੇ ਵਿਰੁੱਧ ” ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ ” ਅਤੇ ” ਦਰਬਾਰ-ਏ-ਖ਼ਾਲਸਾ ” ਜਥੇਬੰਦੀ ਵੱਲੋਂ ਸਥਾਨਿਕ ਸ਼ੂਗਰ ਮਿੱਲ ਚੌਂਕ, ਜੀ.ਟੀ. ਰੋਡ ਫਗਵਾੜਾ ਵਿਖੇ ਸਮੂਹ ਸਿੱਖ ਅਤੇ ਦਲਿਤ, ਮੁਸਲਿਮ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਹੱਥਾਂ ਵਿਚ ਉਹੀ ਸਾਹਿਤ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਫੜ੍ਹਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ, ਜੋ ਕਿ ਪੰਜਾਬ ਦੀਆਂ ੩੦ ਨੌਜਵਾਨ ਸਿੱਖ ਜਥੇਬੰਦੀਆਂ ਦਾ ਗਠਜੋੜ ਹੈ, ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਕਿਹਾ ਕਿ ਜੇ ਸਿੱਖ ਸਾਹਿਤ ਤੇ ਸ਼ਹੀਦਾਂ ਦੀਆਂ ਤਸਵੀਰਾਂ ਘਰ ਵਿੱਚ ਰੱਖਣਾ ਗੁਨਾਂਹ ਹੈ ਤਾਂ ਅਸੀਂ ਇਹ ਗੁਨਾਹ ਚੁਰਾਹੇ ਵਿੱਚ ਖੜ੍ਹਕੇ ਕਰਾਂਗੇ।
ਇਸ ਮੌਕੇ ਭਾਈ ਹਰਜਿੰਦਰ ਸਿੰਘ ਮਾਂਝੀ ਮੁਖੀ ਦਰਬਾਰ-ਏ-ਖ਼ਾਲਸਾ ਨੇ ਕਿਹਾ ਕਿ ਮਿਤੀ ੨੫-੫-੧੬ ਨੂੰ ਨਵਾਂਸ਼ਹਿਰ ਦੇ ਨੇੜਲੇ ਪਿੰਡਾਂ ਦੇ ਤਿੰਨ ਸਿੱਖ ਨੌਜਵਾਨਾਂ ਨੂੰ ਮੁਖਤਿਆਰ ਰਾਏ ਤੇ ਇੰਸਪੈਕਟਰ ਗੁਰਦਿਆਲ ਸਿੰਘ ਨੇ ਗ੍ਰਿਫ਼ਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭਿਜਵਾ ਦਿੱਤਾ ਅਤੇ ੨੨-੩-੧੭ ਨੂੰ ਚਲਾਨ ਪੇਸ਼ ਕਰ ਕੀਤਾ ਅਤੇ ਕੇਸ ਵਿਚ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲੋਂ ੯੭ ਕਿਤਾਬਾਂ ਅਤੇ ੧੯੮ ਤਸਵੀਰਾਂ ਅਤੇ ੨ ਬੋਰਡ ਮਿਲੇ ਤੇ ਕੋਈ ਵੀ ਹੱਥਿਆਰ ਨਹੀਂ ਮਿਲਿਆ।
ਇਸ ਦੇਸ਼ ਵਿੱਚ ਨਵਾਂਸ਼ਹਿਰ ਦੇ ਐਡੀਸ਼ਨਲ ਸੈਸ਼ਨ ਜੱਜ ਵੱਲੋਂ ੫ ਫਰਵਰੀ ਨੂੰ ਸ਼ਾਮ ੧੨੧ ਤੇ ੧੨੧-ਅ ਅਧੀਨ ਮੁਲਕ ਖ਼ਿਲਾਫ਼ ਸਾਜਿਸ਼ ਅਤੇ ਜੰਗ ਛੇੜਨ ਦੇ ਦੋਸ਼ ਅਧੀਨ ਅਰਵਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ, ਕਾਨੂੰਨ ਤੇ ਸੰਵਿਧਾਨ ਦੇ ਉਲਟ ਜਾ ਕੇ ਦਿੱਤੇ ਇਸ ਫ਼ੈਸਲੇ ਦਾ ਅੱਜ ਸਮੂਹ ਸਿੱਖ, ਦਲਿਤ ਤੇ ਮੁਸਲਿਮ ਜਥੇਬੰਦੀਆਂ ਵੱਲੋਂ ਵਿਰੋਧ ਦਰਜ਼ ਕਰਵਾਇਆ ਜਾਂਦਾ ਹੈ ਤੇ ਇਸਦੇ ਨਾਲ ਹੀ ਪੁਲਵਾਮਾ ਘਟਨਾ ਦੇ ਸ਼ਹੀਦਾਂ ਲਈ ਵੀ ਅਰਦਾਸ ਕਰਦੇ ਹਾਂ ਤੇ ਨਾਲ ਸਰਕਾਰ ਤੇ ਮੰਗ ਕਰਦੇ ਹਾਂ ਕਿ ਕਸ਼ਮੀਰ ਵਾਦੀ ਦੇ ਲੋਕਾਂ ਦੀਆਂ ਮੰਗਾਂ ਦਾ ਰਾਜਨੀਤਕ ਹੱਲ ਜਲਦ ਕਰਨਾ ਚਾਹੀਦਾ ਹੈ ਤਾਂ ਜੋ ਦੋਵਾਂ ਪਾਸੇ ਹੋ ਰਹੀ ਹਿੰਸਾ ਬੰਦ ਹੋ ਸਕੇ। ਇਸ ਮੌਕੇ ਮੁਸਲਿਮ ਆਗੂ ਸਰਬਰ ਗ਼ੁਲਾਮ , ਦਲਿਤ ਆਗੂ ਹਰਭਜਨ ਸੁਮਨ, ਕਾਸ਼ਿਵ ਰਹਿਮਾਨ, ਹਰਲੀਤ ਸਿੰਘ ਸੋਢੀ, ਗੁਰਕ੍ਰਿਪਾਲ ਸਿੰਘ, ਏਕਮ ਸਿੰਘ, ਇਕਬਾਲ ਸਿੰਘ, ਸਤਿੰਦਰਜੀਤ ਸਿੰਘ, ਸ. ਮੱਲ ਸਿੰਘ ਗਾਂਧੀ, ਸਰਬਜੀਤ ਸਿੰਘ ਬਤਰਾ, ਕਮਲਬੀਰ ਸਿੰਘ, ਸਾਹਿਬ ਸਿੰਘ, ਸਤਨਾਮ ਸਿੰਘ, ਸੁਖਜੀਤ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।