ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਪੁਲਿਸ ਹਿਰਾਸਤ ਵਿੱਚ

ਸਿੱਖ ਖਬਰਾਂ

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

October 13, 2015

ਕੋਟਕਪੁਰਾ( 13 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੇਅਦਬ ਕਰਨ ਦੀ ਘਟਨਾ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ ਅਤੇ ਕਈ ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮੀਡਆ ਵਿੱਚ ਨਸ਼ਰ ਖ਼ਬਰਾਂ ਅਨੁਸਾਰ ਬਾਬਾ ਢੱਡਰੀਆਂ ਵਾਲੇ ਕਾਲਾਂਵਾਲੀ ਨੇੜੇ ਮੰਡੀ ਡੱਬਵਾਲੀ (ਹਰਿਆਣਾ) ਤੋਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਥੇ ਸਿੱਧਾ ਪਹੁੰਚੇ। ਉਨਾਂ ਦੇ ਪਹੁੰਚਣ ਸਾਰ ਹੀ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਅਫਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਛੇਤੀ ਹੀ ਗ੍ਰਿਫਤਾਰ ਕਰ ਲਿਆ ਗਿਆ।

ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਆਪਣੇ ਹੱਕਾਂ ਲਈ ਸ਼ਾਂਤਮਈ ਰੋਸ ਮੁਜ਼ਾਹਰਾ ਵੀ ਨਹੀਂ ਕਰ ਸਕਦਾ।ਪੰਥਕ ਪ੍ਰਚਾਰਕ ਸੱਚ ਦੀ ਆਵਾਜ਼ ਉਠਾਉਣ ਤੋਂ ਝਿਜਕ ਰਹੇ ਹਨ।

ਇੱਥੇ ਇਹ ਵਰਨਣਯੋਗ ਹੈ ਕਿ ਫਿਰੋਜਪੁਰ, ਫਰੀਦਕੋਟ ਅਤੇ ਮੁਕਤਸਰ ਖੇਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਅਜਿਹੀ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਰਕੇ ਇਲਾਕੇ ਭਰ ਵਿੱਚ ਤਨਾਅ ਪੈਦਾ ਹੋ ਰਿਹਾ ਹੈ।ਸਿੱਖ ਜੱਥੇਬੰਦੀਆਂ ਇਹ ਦੋਸ਼ ਲਾ ਰਹੀਆਂ ਹਨ ਕਿ ਪੁਲਿਸ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।

ਪਿਛਲੇ ਸਮੇਂ ਵਿੱਚ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋ ਗਿਆ ਸੀ ਅਤੇ ਇਸਤੋਂ ਬਾਅਦ ਡੇਰਾ ਸੌਦਾ ਸਾਧ ਦੇ ਪ੍ਰੇਮੀਆਂ ਵੱਲੋਂ ਲਿਖੇ ਪੱਤਰ ਵਿੱਚ ਸਿੱਖਾਂ ਨੂੰ ਵੰਗਾਰਦਿਆਂ ਇਹ ਕਿਹਾ ਗਿਆ ਸੀ ਕਿ ਚੋਰੀ ਕੀਤਾ ਹੋਇਆ ਸਰੂਪ ਉਨ੍ਹਾਂ ਨੇ ਪਿੰਡ ਬਰਗਾੜੀ ਵਿੱਚ ਛੁਪਾਇਆ ਹੋਇਆ ਹੈ ਅਤੇ ਜਿਹੜਾ ਉਸਨੂੰ ਲੱਭ ਲਵੇ, ਉਹ ਉਸਨੂੰ ਇਨਾਮ ਦੇਣਗੇ।

ਮੀਡੀਆ ਦੇ ਵਿੱਚ ਇਸ ਪੱਤਰ ਨੂੰ ਲੈਕੇ ਬੜੀ ਚਰਚਾ ਰਹੀ ਸੀ।ਪੁਲਿਸ ਵੱਲੋਂ ਇਸ ਪੱਤਰ ਨੂੰ ਲੈ ਕੇ ਕੋਈ ਕਾਰਵਾਈ ਨਹੀ ਕੀਤੀ ਗਈ।

ਬਾਅਦ ਦੇ ਵਿੱਚ ਲੱਭ ਨਾ ਰਹੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਅੰਗ ਪਾੜ ਕੇ ਬੇਅਬਦੀ ਕੀਤੀ ਗਈ ਅਤੇ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰ ਦਿੱਤੇ ਗਏ।ਇਸਦੇ ਰੋਸ ਵਜੋਂ ਕੋਟਕਪੂਰਾ ਸ਼ਹਿਰ ਸਿੱਖ ਸੰਗਤ ਵੱਲੋਂ ਵੱਡੇ ਪੱਧਰ ‘ਤੇ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਹਜ਼ਾਰਾਂ ਸਿੱਖਾਂ ਨੇ ਇਸ ਵਿੱਚ ਭਾਗ ਲਿਆ ਅਤੇ ਪਿਛਲੀ ਰਾਤ ਹੋਰ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਹੁੰਚ ਰਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: