ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਸਾਬਕਾ ਪਰਧਾਨ ਪ੍ਰੋ: ਬਡੂੰਗਰ ਦੇ ਕਾਰਜਕਾਲ ਦੌਰਾਨ ਕਮੇਟੀ ਨਿਯਮਾਂ ਦੀ ਉਲੰਘਣਾ ਕਰਦਿਆਂ ਥੋਕ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਫੈਸਲੇ ਤੇ ਅੱਜ ਅਮਲ ਨਾ ਹੋਣ ਕਾਰਣ ਕਮੇਟੀ ਗਲਿਆਰਿਆਂ ਵਿੱਚ ਘੁਸਰ ਮੁਸਰ ਜਾਰੀ ਰਹੀ।ਬੇਨਿਯਮੀਆਂ ਨਿਯੁਕਤੀਆਂ ਕਰਵਾਣ ਵਾਲੇ ਕੁਝ ਕਮੇਟੀ ਮੈਂਬਰਾਨ ਵਲੋਂ ਅਸਤੀਫਾ ਦਿੱਤੇ ਜਾਣ ਦੀਆਂ ਅਫਵਾਹਾਂ ਨੂੰ ਵਿਰਾ੍ਹਮ ਦਿੰਦਿਆਂ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੇ ਜਿਥੇ ਅਜੇਹੀਆਂ ਖਬਰਾਂ ਤੋਂ ਇਨਕਾਰ ਕੀਤਾ ਉਤੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਾਰਜਕਾਰਣੀ ਦੇ ਹੁਕਮਾਂ ਤੇ ਅਮਲ ਵਿੱਚ ਦੇਰੀ ਦਾ ਕਾਰਣ ਸਬੰਧਤ ਅਧਿਕਾਰੀਆਂ ਦਾ 30 ਮਾਰਚ ਨੂੰ ਹੋ ਰਹੇ ਕਮੇਟੀ ਦੇ ਬਜਟ ਅਜਲਾਸ ਲਈ ਮੈਂਬਰਾਨ ਨੂੰ ਚਿੱਠੀਆਂ ਕੱਢਣ ਵਿੱਚ ਰੁਝੇ ਹੋਣਾ ਹੈ ।ਕੁਝ ਅਧਿਕਾਰੀਆਂ ਨੇ ਤਾਂ ਇਥੋਂ ਤੀਕ ਸੰਕੇਤ ਦਿੱਤਾ ਹੈ ਕਿ 7 ਮਾਰਚ ਨੂੰ ਗੁ:ਫਤਿਹਗੜ੍ਹ ਸਾਹਿਬ ਵਿਖੇ ਹੋਈ ਕਾਰਜਕਾਰਣੀ ਇੱਕਤਰਤਾ ਨੇ ਤਾਂ ਉਸ ਫੈਸਲੇ ਤੇ ਰਸਮੀ ਮੋਹਰ ਲਾਈ ਹੈ ਜਿਸਨੂੰ ਬਾਦਲ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਦਿਨ ਪਹਿਲਾਂ ਹੀ ਹਰੀ ਝੰਡੀ ਦਿੱਤੀ ਸੀ।
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਵਲੋਂ ਪ੍ਰੋ:ਕਿਰਪਾਲ ਸਿੰਘ ਬਡੂੰਗਰ ਵਲੋਂ ਆਪਣੇ ਇੱਕ ਸਾਲਾ ਕਾਰਜਕਾਲ ਦੌਰਾਨ ਸਿੱਖ ਗੁਰਦੁਆਰਾ ਐਕਟ ਤੇ ਪ੍ਰਬੰਧ ਸਕੀਮ ਦੀ ਉਲੰਘਣਾ ਕਰਕੇ ਕੀਤੀਆਂ ਸੈਂਕੜੇ ਨਿਯੁਕਤੀਆਂ ਨੂੰ ਰੱਦ ਕਰਨ ਦੇ ਫੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਹੁੰਦਾ ਵੇਖਣ ਲਈ ਕਮੇਟੀ ਮੁਲਾਜਮ ਦਿਨ ਭਰ ਕਨਸੋਆਂ ਲੈਂਦੇ ਵੇਖੇ ਗਏ।ਕੋਈ ਵੀ ਕਮੇਟੀ ਅਧਿਕਾਰੀ ਇਸ ਮੁੱਦੇ ਤੇ ਅਧਿਕਾਰਤ ਤੌਰ ਤੇ ਮੂੰਹ ਖੋਹਲਣ ਲਈ ਤਿਆਰ ਨਹੀ ਸੀ ।ਦੇਰ ਸ਼ਾਮ ਕੁਝ ਅਧਿਕਾਰੀਆਂ ਨੇ ਸਿਰਫ ਇਹ ਹੀ ਤਸਦੀਕ ਕੀਤਾ ਕਿ ਪ੍ਰੋ:ਬਡੂੰਗਰ ਦੁਆਰਾ ਕੀਤੀਆਂ ਤੇ ਨਿਯਮਾਂ ਦੀ ਅਣਦੇਖੀ ਦੇ ਘੇਰੇ ਵਿੱਚ ਆਈਆਂ ਨਿਯੁਕਤੀਆਂ ਦੀ ਗਿਣਤੀ 523 ਹੀ ਹੈ ।ਇਨ੍ਹਾਂ ਵਿੱਚੋਂ 50 ਫੀਸਦੀ ਕਮੇਟੀ ਪ੍ਰਬੰਧ ਹੇਠਲੇ ਵਿਿਦਅਕ ਅਦਾਰਿਆਂ ਵਿੱਚ ਹੋਈਆਂ।ਇੱਕ ਕਮੇਟੀ ਅਧਿਕਾਰੀ ਅਨੁਸਾਰ ਬੇਨਿਯਮੀ ਨਿਯੁਕਤੀਆਂ ਦੇ ਮਾਮਲੇ ਵਿੱਚ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦਾ ਆਪਣਾ ਜਿਲ੍ਹਾ ਪਟਿਆਲਾ ਮੋਹਰੀ ਰਿਹੈ ਹੈ।
ਜਾਣਕਾਰਾਂ ਦਾ ਮੰਨਣਾ ਹੈ ਕਿ ਨਿਯੁਕਤੀਆਂ ਦੀ ਜਾਂਚ ਕਰ ਰਹੀ ਪੜਤਾਲੀਆ ਸਬ –ਕਮੇਟੀ ਦੇ ਫੈਸਲੇ ਨੂੰ ਕਾਰਜਕਾਰਣੀ ਨੇ ਬਿਨ੍ਹਾ ਕਿਸੇ ਵਿਰੋਧ ਜਾਂ ਇਤਰਾਜ ਦੇ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ ਹੈ ਤੇ ਪ੍ਰੋ:ਬਡੂੰਗਰ ਦੇ ਇੱਕ ਨਿੱਜੀ ਸਹਾਇਕ ‘ਤੇ ਕਾਰਜਕਾਰਣੀ ਮੈਂਬਰਾਂ ਦੇ ਗੁੱਸੇ ਦਾ ਨਜ਼ਲਾ ਖੂਬ ਡਿੱਗਿਆ।ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਡੂਗਰ ਦੇ ਕਾਰਜਕਾਲ ਦੌਰਾਨ ਮੁਲਾਜਮਾਂ ਨੂੰ ਦਿੱਤੀਆਂ ਤਰੱਕੀਆਂ ਦਾ ਮਾਮਲਾ ਵਿਚਾਰ ਵਾਸਤੇ ਨਹੀ ਆਇਆ।ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੜਤਾਲੀਆ ਸਬ-ਕਮੇਟੀ ਵਲੋਂ ਪੇਸ਼ ਕੀਤੀ ਜਾਂਚ ਰਿਪੋਰਟ ਬਾਦਲ ਦਲ ਦੇ ਪਰਧਾਨ ਸਾਹਮਣੇ ਰੱਖਣ ਲਈ ਕਮੇਟੀ ਦੇ ਦੋ ਸੀਨੀਅਰ ਅਧਿਕਾਰੀ 6 ਮਾਰਚ ਨੂੰ ਬਕਾਇਦਾ ਦਿੱਲੀ ਪੁੱਜੇ ਸਨ।ਉਨ੍ਹਾਂ ਦਾ ਕਹਿਣਾ ਹੈ ਕਿ ਕਾਰਜਕਾਰਣੀ ਦਾ ਫੈਸਲਾ ਤਾਂ ਰਸਮੀ ਹੈ ਅਸਲ ਫੈਸਲਾ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।
ਕਾਰਜਕਾਰਣੀ ਵਲੋਂ ਬੇਨਿਯਮੀਆਂ ਦੇ ਦੋਸ਼ ਹੇਠ ਰੱਦ ਕੀਤੀਆਂ ਨਿਯੁਕਤੀਆਂ ਤੇ ਅਮਲ ਨਾ ਹੋਣ ਬਾਰੇ ਪੁਛੇ ਜਾਣ ਤੇ ਕਮੇਟੀ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਪਾਸ ਕਾਰਜਕਾਰਣੀ ਦਾ ਫੈਸਲਾ ਪੁਜ ਗਿਆ ਹੈ ।ਕੁਝ ਦਫਤਰੀ ਕਾਰਵਾਈਆਂ ਮੁਕੰਮਲ ਹੋਣ ਤੇ ਸਬੰਧਤ ਮੁਲਾਜਮਾਂ ਨੂੰ ਡਿਊਟੀ ਤੋਂ ਫਾਰਗ ਕਰਨ ਦਾ ਕਾਰਜ ਸ਼ੁਰੂ ਹੋ ਜਾਵੇਗਾ ।ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਕੋਈ ਵੀ ਐਸੀ ਜਾਣਕਾਰੀ ਨਹੀ ਹੈ ਜੋ ਇਹ ਤਸਦੀਕ ਕਰਦੀ ਹੋਵੇ ਕਿ ਕਾਰਜਕਾਰਣੀ ਦੇ ਫੈਸਲੇ ਖਿਲਾਫ ਕਿਸੇ ਕਮੇਟੀ ਮੈਂਬਰ ਨੇ ਮੈਂਬਰੀ ਤੋਂ ਅਸਤੀਫਾ ਦਿੱਤਾ ਹੋਵੇ।