ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ‘ਸਿੱਖ ਸਸ਼ਤਰ ਵਿੱਦਿਆ ਅਤੇ ਗੱਤਕਾ’ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੀ ਛੇੜਛਾੜ ਕਰਨ ਵਾਲੇ ਵਿਅਕਤੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਦਿੱਲੀ ਦੀ ਇਕ ਨਿੱਜੀ ਪ੍ਰੋਪਰਾਈਟਰਸ਼ਿਪ ਵਾਲੀ ਲਿਮਟਿਡ ਕੰਪਨੀ ਨੇ ‘ਸਿੱਖ ਸ਼ਸਤਰ’ ਵਿੱਦਿਆ ਅਤੇ ਗੱਤਕਾ ਨੂੰ ਟਰੇਡ ਮਾਰਕ ਕਾਨੂੰਨ ਤਹਿਤ ‘ਪੇਟੈਂਟ’ ਕਰਵਾ ਲਿਆ, ਜੋ ਇਕ ਮੰਦਭਾਗੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਾਸਤਰ ਵਿੱਦਿਆ ਅਤੇ ਗੱਤਕਾ ਦਾ ਸਿੱਧਾ ਸਬੰਧ ਗੁਰੂ ਸਾਹਿਬਾਨ ਅਤੇ ਗੁਰਮਤਿ ਮਰਿਆਦਾ ਨਾਲ ਹੈ, ਜੋ ਗੁਰਮਤਿ ਜੀਵਨ ਦਾ ਅਨਿੱਖੜਵਾ ਅੰਗ ਹੈ, ਜਿਸ ਨਾਲ ਕਿਸੇ ਤਰ੍ਹਾਂ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਨੂੰ ਸਿੱਖ ਵਿਰਾਸਤ ਨੂੰ ਆਪਣੀ ਨਿੱਜੀ ਜਾਇਦਾਦ ਨਹੀਂ ਬਣਾ ਸਕਦਾ।
ਪ੍ਰੋ. ਬਡੂੰਗਰ ਨੇ ਆਖਿਆ ਪ੍ਰਕਾਸ਼ਤ ਹੋਈਆਂ ਖ਼ਬਰਾਂ ਰਾਹੀਂ ਇਹ ਜਨਤਕ ਹੋਇਆ ਹੈ ਕਿ ਇਹ ਮੰਦਭਾਗੀ ਕਾਰਵਾਈ ਹਰਪ੍ਰੀਤ ਸਿੰਘ ਖਾਲਸਾ ਨਾਮੀ ਵਿਅਕਤੀ ਵੱਲੋਂ ਕੀਤੀ ਗਈ ਹੈ, ਜਿਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ‘ਸਿੱਖ ਸ਼ਾਸਤਰ ਵਿੱਦਿਆ ਅਤੇ ਗੱਤਕਾ’ ਸਮੁੱਚੇ ਖਾਲਸਾ ਪੰਥ ਦੀ ਉਤਮ ਵਿਰਾਸਤ ਹੈ, ਜੇ ਕੋਈ ਗੁਰੂ ਸਾਹਿਬਾਨ ਦੀ ਮਰਿਆਦਾ ਦੇ ਉਲਟ ਅਜਿਹਾ ਕਰਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧ ‘ਚ ਫੌਰੀ ਕਾਰਵਾਈ ਨੂੰ ਅੰਜ਼ਾਮ ਦੇਣਾ ਚਾਹੀਦਾ ਹੈ।
⊕ ਸਿੱਖ ਸ਼ਸਤਰ ਵਿੱਦਿਆ ਤੇ ਗੱਤਕਾ ਨੂੰ ਪੇਟੈਂਟ ਕਰਾਉਣਾ ਵਿਰਾਸਤ ’ਤੇ ਕਬਜਾ ਕਰਨ ਦੇ ਤੁੱਲ
ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਅਜਿਹੀ ਮੰਦਭਾਗੀ ਕਾਰਵਾਈ ਕਰਨ ਵਾਲੇ ਹਰਪ੍ਰੀਤ ਸਿੰਘ ਖਾਲਸਾ ਨਾਮੀ ਵਿਅਕਤੀ ਖਿਲਾਫ਼ ਕਾਰਵਾਈ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀ ਮਰਿਆਦਾ ਅਤੇ ਖਾਲਸਾ ਪੰਥ ਦੀ ਵਿਰਾਸਤ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।