ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਰਾਧਾ ਸਵਾਮੀ ਡੇਰਾ ਮੁਖੀ ਸਮੇਤ ਪੰਜਾਬ ਅੰਦਰ ਚੱਲ ਰਹੇ ਸਿੱਖੀ ਵਿਰੋਧੀ ਡੇਰਿਆਂ ਦੀਆਂ ਜਾਇਦਾਦਾਂ ਦੀ ਪੜਤਾਲ ਹੋਣੀ ਚਾਹੀਦੀ ਹੈ।ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਡੇਰਿਆਂ ਦੀਆਂ ਜਾਇਦਾਦਾਂ ਜਬਤ ਕਰਕੇ ਗਰੀਬਾਂ ਵਿਚ ਵੰਡੀਆਂ ਜਾਣ।
ਖਾਲੜਾ ਮਿਸ਼ਨ ਦੇ ਆਗੂਆਂ ਵਿਰਸਾ ਸਿੰਘ ਬਹਿਲਾ, ਹਰਜਿੰਦਰ ਸਿੰਘ ਤੇ ਪੰਜਾਬ ਮਨੁਖੀ ਅਧਿਕਾਰ ਸੰਗਠਨ ਦੇ ਆਗੂ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਰਾਧਾ ਸਵਾਮੀ ਡੇਰਾ ਮੁਖੀ ਨੇ ਗਰੀਬ ਕਿਸਾਨਾਂ ਦੀਆਂ ਜਾਇਦਾਦਾਂ ਉਪਰ ਗੈਰ ਕਾਨੂੰਨੀ ਤੌਰ ਤੇ ਕਬਜਾ ਕਰਦੇ ਧਰਮ ਦੀ ਆੜ ਵਿਚ ਅਧਰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ 6 ਹਜ਼ਾਰ ਕਰੋੜ ਦੇ ਘਪਲੇ ਬਾਰੇ ਹਾਈਕੋਰਟ ਵੱਲੋਂ ਆਇਆ ਨੋਟਿਸ ਦਸਦਾ ਹੈ ਕਿ ਕਿਵੇਂ ਇਹ ਲੋਕ ਆਮ ਲੋਕਾਂ ਨੂੰ ਮਾਇਆਂ ਤੋਂ ਨਿਰਲੇਪ ਰਹਿਣ ਦੇ ਆਦੇਸ਼ ਦਿੰਦੇ ਹਨ ਤੇ ਆਪ ਮਾਇਆ ਦੀ ਹਬਸ਼ ਵਿਚ ਸਭ ਹੱਦਾਂ ਟਪ ਜਾਂਦੇ ਹਨ।ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖਿਲਾਫ ਧਰਨਾ ਦੇ ਰਹੇ ਭਾਈ ਬਲਦੇਵ ਸਿੰਘ ਸਿਰਸਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਝੂਠ ਦਾ ਪਖ ਪੂਰ ਰਹੀ ਹੈ।
ਉਨਾਂ ਭਾਈ ਸਿਰਸਾ ਤੇ ਉਨ੍ਹਾਂ ਦੇ ਸਾਥੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਡੇਰਾ ਰਾਧਾ ਸੁਆਮੀ ਨੂੰ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਪਨਾਹਗਾਰ ਨਹੀਂ ਬਣਨਾ ਚਾਹੀਦਾ।