Site icon Sikh Siyasat News

ਭਾਰਤ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ: ਸਯੱਦ ਅਲੀ ਸ਼ਾਹ ਗਿਲਾਨੀ

ਸ੍ਰੀਨਗਰ: ਹੁਰੀਅਤ ਕਾਨਫਰੰਸ (ਗਿਲਾਨੀ) ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਭਾਰਤ ਆਪਣੀ ਫੌਜ ਰਾਹੀਂ ਵੀ ਕਸ਼ਮੀਰੀ ਲੋਕਾਂ ਨੂੰ ਦਬਾ ਨਹੀਂ ਸਕਦਾ। ਗਿਲਾਨੀ ਨੇ ਕਿਹਾ ਕਿ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਜਨਾਜ਼ੇ ਵਿਚ ਜੁੜੇ ਲੋਕਾਂ ਤੋਂ ਕਸ਼ਮੀਰੀਆਂ ਦੀ “ਰਾਏਸ਼ੁਮਾਰੀ” ਦਾ ਪਤਾ ਲਗਦਾ ਹੈ।

ਹੁਰੀਅਤ ਕਾਨਫਰੰਸ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ (ਫਾਈਲ ਫੋਟੋ)

ਬੁਰਹਾਨ ਵਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗਿਲਾਨੀ ਨੇ ਕਿਹਾ ਕਿ ਬੁਰਹਾਨ ਦੀ ਨਮਾਜ਼-ਏ-ਜਨਾਜ਼ਾ ਵਿਚ ਸ਼ਾਮਲ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਸਾਫ ਦੱਸਦਾ ਹੈ ਕਿ ਕਸ਼ਮੀਰੀ ਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਕਸ਼ਮੀਰੀਆਂ ਦੀ ਆਜ਼ਾਦੀ ਦਾ ਸਤਕਾਰ ਕਰਨਾ ਚਾਹੀਦਾ ਹੈ ਅਤੇ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ ਨਾ ਕਿ ਦੋਹਰੀ ਨੀਤੀ ਤਹਿਤ ਅੱਖਾਂ ਬੰਦ ਕਰਨੀਆਂ ਚਾਹੀਦੀਆਂ ਹਨ।

ਗਿਲਾਨੀ ਨੇ ਸ਼ਾਂਤੀਪੂਰਵਕ ਮੁਜਾਹਰਾ ਕਰ ਰਹੇ ਲੋਕਾਂ ‘ਤੇ ਫਾਇਰਿੰਗ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੋਰਸਾਂ ਅਤੇ ਕੁਝ ਪੁਲਿਸ ਅਧਿਕਾਰੀ ਜਾਣਬੁੱਝ ਕੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਦੁਸ਼ਮਣੀ ਵਾਲਾ ਮਾਹੌਲ ਬਣਾਉਂਦੇ ਹਨ। ਗਿਲਾਨੀ ਨੇ ਕਿਹਾ ਕਿ ਬੁਰਹਾਨ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਨੂੰ ਅਸੀਂ ਸਲਾਮ ਕਰਦੇ ਹਾਂ ਅਤੇ ਕਸ਼ਮੀਰੀ ਆਜ਼ਾਦੀ ਸੰਘਰਸ਼ ਵਿਚ ਇਹ ਮੀਲ ਪੱਥਰ ਸਾਬਤ ਹੋਵੇਗਾ, ਸੰਘਰਸ਼ ਹੁਣ ਨਵੇਂ ਦੌਰ ਵਿਚ ਪ੍ਰਵੇਸ਼ ਕਰ ਚੁਕਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਅਤੇ ਨਵੀਂ ਦਿੱਲੀ ਬੁਰਹਾਨ ਨੂੰ ਦਹਿਸ਼ਤਗਰਦ ਕਰ ਕੇ ਬੁਲਾਉਂਦੀ ਹੈ ਪਰ ਇਹ ਸਾਬਤ ਹੋ ਚੁਕਾ ਹੈ ਕਿ ਉਹ ਕਸ਼ਮੀਰ ਦਾ ਹੀਰੋ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸੰਘਰਸ਼ ਦਾ ਅੱਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਵੇਂ ਕਿ ਭਾਰਤੀ ਸੁਰੱਖਿਆ ਬਲਾਂ ਵਲੋਂ ਫੈਲਾਇਆ ਜਾ ਰਿਹਾ ਅੱਤਵਾਦ।

ਗਿਲਾਨੀ ਨੇ ਕਿਹਾ ਕਿ ਅੱਤਵਾਦੀ ਉਹ ਹੁੰਦਾ ਹੈ ਜੋ ਲੋਕਾਂ ਦੇ ਖਿਲਾਫ ਲੜੇ, ਜਦਕਿ ਬੁਰਹਾਨ ਤਾਂ ਲੜਿਆ ਆਪਣੇ ਲੋਕਾਂ ਦੇ ਚੰਗੇ ਭਵਿੱਖ ਲਈ ਅਤੇ ਉਸਨੇ ਕੁਰਬਾਨੀ ਕੀਤੀ। ਬੁਰਹਾਨ ਦੀ ਮੌਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਡੀ ਆਜ਼ਾਦੀ ਦੀ ਜੰਗ ਪਵਿੱਤਰ ਹੈ ਅਤੇ ਸਾਰੀ ਕੌਮ ਸਾਨੂੰ ਹਮਾਇਦ ਦੇ ਰਹੀ ਹੈ।

ਹੁਰੀਅਤ (ਗਿਲਾਨੀ) ਚੇਅਰਮੈਨ ਨੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਆਰ.ਐਸ.ਐਸ. ਨੂੰ ਲੋਕਾਂ ਦੇ ਕਤਲੇਆਮ ਲਈ ਬਰਾਬਰ ਦੇ ਦੋਸ਼ੀ ਗਰਦਾਨਿਆ ਹੈ। ਗਿਲਾਨੀ ਨੇ ਕਿਹਾ ਕਿ ਮਹਿਬੂਬਾ ਨੇ 2010 ਵਿਚ ਹੋਈਆਂ ਮੌਤਾਂ ਦੀ ਜਾਂਚ ਦਾ ਵਾਅਦਾ ਕੀਤਾ ਸੀ ਜੋ ਉਸਨੇ ਪੂਰਾ ਨਹੀਂ ਕੀਤਾ।

ਗਿਲਾਨੀ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਕਿ ਕਸ਼ਮੀਰੀਆਂ ਦੇ ਕਤਲੇਆਮ ਦਾ ਸਖਤ ਨੋਟਿਸ ਲਵੇ, ਕਸ਼ਮੀਰ ਵਿਚ ਲੋਕਾਂ ਦੀ ਜਾਨ ਖਤਰੇ ਵਿਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version