ਚੰਡੀਗੜ੍ਹ: ਸਿੱਖ ਕਾਰਜਕਰਤਾ ਪਰਮਜੀਤ ਸਿੰਘ ਪੰਮਾ ਵਲੋਂ ਪੰਜਾਬ ਪੁਲਿਸ ਦੇ ਅਫਸਰਾਂ ਖਿਲਾਫ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਰਤਗਾਲ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜੋ ਕਿ ਖਾਰਜ ਕਰ ਦਿੱਤੀ ਗਈ ਹੈ। ਸ਼ਿਕਾਇਤ ਤਕਨੀਕੀ ਆਧਾਰ ’ਤੇ ਖਾਰਜ ਕੀਤੀ ਗਈ ਹੈ। ਅਦਾਲਤ ਨੇ ਇਹ ਮਹਿਸੂਸ ਕੀਤਾ ਕਿ ਸ਼ੱਕੀ ਪੁਰਤਗਾਲ ਤੋਂ ਬਾਹਰ ਦੇ ਹਨ ਅਤੇ ਭਾਰਤ ਨਾਲ ਹਵਾਲਗੀ ਦੀ ਗੱਲ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਪੰਮਾ ਨੇ 28 ਜਨਵਰੀ ਨੂੰ ਪੁਰਤਗਾਲ ਦੇ ਅਟਾਰਨੀ ਜਨਰਲ ਕੋਲ ਭਾਰਤੀ ਪੁਲਿਸ ਅਫਸਰਾਂ ਖਿਲਾਫ ਤਸ਼ੱਦਦ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਦਰਜ ਕਰਵਾਇਆ ਸੀ। ਪੁਰਤਗਾਲ ਵਿਚ 31/2004 ਅਤੇ 59/2007 ਕਾਨੂੰਨ ਅਧੀਨ ਦੇਸ਼ ਤੋਂ ਬਾਹਰ ਹੋਏ ਅਪਰਾਧ ਲਈ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਅਟਾਰਨੀ ਜਨਰਲ ਨੂੰ ਕੀਤੀ ਗਈ ਸ਼ਿਕਾਇਤ ਵਿਚ ਅਸ਼ੀਸ਼ ਕਪੂਰ, ਐਸ.ਪੀ. ਮੋਹਾਲੀ ’ਤੇ ਪੰਮਾ ਨੂੰ 1998 ਵਿਚ ਤਸ਼ੱਦਦ ਕਰਨ ਦਾ ਦੋਸ਼ ਲਾਇਆ ਗਿਆ ਸੀ, ਜਦਕਿ ਡੀ.ਆਈ.ਜੀ. ਬਲਕਾਰ ਸਿੱਧੂ ਅਤੇ ਡੀ.ਐਸ.ਪੀ. ਰਾਜਿੰਦਰ ਸੋਹਲ ’ਤੇ ਮਈ 1992 ਵਿਚ ਸੁਰਜੀਤ ਸਿੰਘ ਅਤੇ ਮਈ 1993 ਵਿਚ ਤਜਿੰਦਰ ਸਿੰਘ ਬਿੱਲੂ ਦੇ ਗ਼ੈਰ-ਕਾਨੂੰਨੀ ਕਤਲ ਦਾ ਦੋਸ਼ ਲੱਗਿਆ ਸੀ।
ਇਥੇ ਇਹ ਵੀ ਦੱਸਣਾਯੋਗ ਹੈ ਕਿ ਪਰਮਜੀਤ ਸਿੰਘ ਪੰਮਾ ਨੂੰ ਛੁੱਟੀਆਂ ਮਨਾਉਣ ਗਏ ਨੂੰ ਦਸੰਬਰ 2015 ਵਿਚ ਪੁਰਤਗਾਲ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਸਬੰਧਤ ਪੁਲਿਸ ਅਫਸਰ ਪੰਮਾ ਨੂੰ ਲੈਣ ਲਈ ਪੁਰਤਗਾਲ ਗਏ ਪਰ ਜਦੋਂ ਪਰਮਜੀਤ ਸਿੰਘ ਪੰਮਾ ਵਲੋਂ ਇਨ੍ਹਾਂ ਅਫਸਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਇਹ ਵਾਪਸ ਭਾਰਤ ਆ ਗਏ। ਪੰਜਾਬ ਪੁਲਿਸ ਪਰਮਜੀਤ ਸਿੰਘ ਨੂੰ ਭਾਰਤ ਲਿਆਉਣ ਵਿਚ ਸਫਲ ਨਹੀਂ ਹੋ ਸਕੀ ਕਿਉਂਕਿ ਲਿਸਬਨ ਕੋਰਟ ਨੇ ਪੰੰਮਾ ਦੀ ਭਾਰਤ ਹਵਾਲਗੀ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਪਰਮਜੀਤ ਸਿੰਘ ਨੂੰ ਇੰਗਲੈਂਡ ਵਿਚ ਸਿਆਸੀ ਪਨਾਹ ਮਿਲੀ ਹੋਈ ਹੈ।
ਇਹ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/25T4AB8