ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦਲ ਖਾਲਸਾ ਆਗੂ ਵਿਚਾਲੇ 6 ਜੂਨ ਦੇ ਪ੍ਰੋਗਰਾਮ ਸਬੰਧੀ ਮੀਟਿੰਗ ਹੋਈ ਜਿਸ ਵਿੱਚ ਘੱਲੂਘਾਰੇ ਦੇ ਸਮਾਗਮਾਂ ਨੂੰ ਪੁਰ-ਅਮਨ ਢੰਗ ਨਾਲ ਅਤੇ ਜ਼ਾਬਤੇ ਵਿੱਚ ਰਹਿੰਦਿਆਂ ਮਨਾਉਣ ਬਾਰੇ ਵਿਚਾਰਾਂ ਹੋਈਆਂ।
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਵਿਚਾਲੇ 30 ਮਿੰਟ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਰਿਹਾਇਸ਼ ‘ਤੇ ਹੋਈ ਜਿਸ ਵਿੱਚ ਕਮੇਟੀ ਦੇ ਜਨਰਲ ਸੱਕਤਰ ਅਮਰਜੀਤ ਸਿੰਘ ਚਾਵਲਾ ਵੀ ਮੌਜੂਦ ਸਨ। ਦੋਨਾਂ ਧਿਰਾਂ ਨੇ ਇਸ ਗੱਲ ਉਤੇ ਚਿੰਤਾ ਜਿਤਾਈ ਕਿ ਪਿਛਲ਼ੇ ਕੁਝ ਸਾਲਾਂ ਤੋਂ 6 ਜੂਨ ਦੇ ਘੱਲੂਘਾਰੇ ਸਮਾਗਮਾਂ ਮੌਕੇ ਦਰਬਾਰ ਸਾਹਿਬ ਸਮੂਹ ਅੰਦਰ ਅਣ-ਸੁਖਾਵੀਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਜਿਸ ਨਾਲ ਪੂਰੀ ਕੌਮ ਨੂੰ ਸ਼ਰਮਸਾਰ ਹੋਣਾ ਪੈਂਦਾ ਰਿਹਾ ਹੈ।
ਕੰਵਰਪਾਲ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਦਲ ਖਾਲਸਾ ਸ਼ੁਰੂ ਤੋਂ ਇਸ ਗੱਲ ਦਾ ਧਾਰਨੀ ਰਿਹਾ ਹੈ ਕਿ ਸਿੱਖ ਦਾ ਸਿੱਖ ਨਾਲ ਝਗੜਾ ਵਿਸ਼ੇਸ਼ ਕਰਕੇ ਦਰਬਾਰ ਸਾਹਿਬ ਸਮੂਹ ਅੰਦਰ ਮਰਿਯਾਦਾ ਅਤੇ ਪੰਥਕ ਹਿੱਤਾਂ ਨੂੰ ਸੱਟ ਮਾਰਦਾ ਹੈ। ਉਹਨਾਂ ਕਿਹਾ ਕਿ ਉਹ 6 ਜੂਨ ਨੂੰ ਸਮੁੱਚੀ ਸਿੱਖ ਕੌਮ ਨੂੰ ਦਿੱਲੀ ਦੇ ਵਿਰੁੱਧ ਇੱਕਜੁਟ ਅਤੇ ਇੱਕਮੁਠ ਦੇਖਣ ਦੇ ਇਛੁੱਕ ਹਨ। ਉਹਨਾਂ ਪ੍ਰੋ. ਬਡੂੰਗਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਸਬੰਧਤ ਖ਼ਬਰ:
ਘੱਲੂਘਾਰਾ ਦਿਹਾੜਾ ਅਮਨ ਨਾਲ ਵੱਡੇ ਪੱਧਰ ‘ਤੇ 06 ਜੂਨ ਨੂੰ ਅਕਾਲ ਤਖ਼ਤ ਸਾਹਿਬ ‘ਤੇ ਮਨਾਇਆ ਜਾਏਗਾ: ਮਾਨ
ਉਹਨਾਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਪੱਤਰ ਦੇ ਕੇ ਅਪੀਲ ਕੀਤੀ ਕਿ ਉਹ ਅਕਾਲ ਤਖਤ ਸਾਹਿਬ ਦੇ ਨਾਲ-ਨਾਲ 6 ਜੂਨ ਨੂੰ ਸ਼ਹਿਰਾਂ/ਕਸਬਿਆਂ/ਪਿੰਡਾਂ ਦੇ ਸਥਾਨਕ ਗੁਰਦੁਆਰਿਆਂ ਅੰਦਰ ਵੀ ਅਰਦਾਸ ਸਮਾਗਮ ਕਰਵਾਉਣ ਅਤੇ ਪ੍ਰਬੰਧਕ ਕਮੇਟੀਆਂ ਪਾਸੋਂ ਦਰਬਾਰ ਸਾਹਿਬ ਹਮਲੇ ਵਿਰੁੱਧ ਨਿੰਦਾ ਮਤੇ ਪਾਸ ਕਰਵਾਉਣ ਲਈ ਉਪਰਾਲੇ ਕਰਨ। ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਆਉਂਦੇ ਦਿਨਾਂ ਅੰਦਰ ਘੱਲੂਘਾਰਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਦਰਬਾਰ ਸਾਹਿਬ ਅੰਦਰ ਬਣੇ ਗੁਰਦੁਆਰਾ ਸਾਹਿਬ ਦੀ ਹੇਠਲੀ ਇਮਾਰਤ ਵਿੱਚ ਜੂਨ 84 ਦੌਰਾਨ ਸ਼ਹੀਦ ਹੋਣ ਵਾਲੇ ਸਮੂਹ ਸਿੰਘ-ਸਿੰਘਣੀਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰੇ। ਕੰਵਰਪਾਲ ਸਿੰਘ ਨੇ ਦਸਿਆ ਕਿ ਦੋਨਾਂ ਮੁਦਿਆਂ ਉਤੇ ਪ੍ਰਧਾਨ ਸਾਹਿਬ ਦਾ ਜੁਆਬ ਹਾਂ-ਪੱਖੀ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: