ਗੁਰਦਾਸਪੁਰ: ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਫੇਰੋਚੇਚੀ ਵਿੱਚ ਬੀਤੀ ਸ਼ਾਮ ਇੱਕ ਸਾਬਕਾ ਕਰਨਲ ਨੇ ਆਪਣੇ ਪੁੱਤਰ ਅਤੇ ਹਮਾਇਤੀਆਂ ਨਾਲ ਮਿਲ ਕੇ ਪਿੰਡ ਦੇ ਬਾਦਲ ਦਲ ਦੇ ਆਗੂ ਗੁਰਬਚਨ ਸਿੰਘ ਖ਼ਾਲਸਾ ਨੂੰ ਖੇਤਾਂ ਵਿੱਚੋਂ ਮੁੜਦੇ ਸਮੇਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਮ੍ਰਿਤਕ ਗੁਰਬਚਨ ਸਿੰਘ ਖ਼ਾਲਸਾ, ਬਾਦਲ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਮੀਤ ਪ੍ਰਧਾਨ ਤੇ ਸੇਵਾ ਸਿੰਘ ਸੇਖਵਾਂ ਦਾ ਅਤਿ ਕਰੀਬੀ ਸੀ। ਉਸ ਦਾ ਮੰਗਲਵਾਰ ਨੂੰ ਪੋਸਟ ਮਾਰਟਮ ਪਿੱਛੋਂ ਸਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਪੁੱਤਰ ਸਰਬਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਦਰਜ ਕੇਸ ਮੁਤਾਬਕ ਗੁਰਬਚਨ ਸਿੰਘ ਆਪਣੇ ਖੇਤਾਂ ’ਚੋਂ ਰੇਹੜੇ ਉੱਪਰ ਚਾਰਾ ਲੈ ਕੇ ਆਉਂਦਾ ਹੋਇਆ ਜਦੋਂ ਪਿੰਡ ਦੇ ਬਾਹਰ ਸਾਬਕਾ ਕਰਨਲ ਸੁਰਜੀਤ ਸਿੰਘ ਦੇ ਫਾਰਮ ਹਾਊਸ ਦੇ ਗੇਟ ਅੱਗੇ ਪੁੱਜਾ ਤਾਂ ਕਰਨਲ ਨੇ ਆਪਣੇ ਪੁੱਤਰ ਐਡਵੋਕੇਟ ਸੁਮੀਤ ਸਿੰਘ ਅਤੇ ਇੱਕ ਹੋਰ ਸਾਥੀ ਸਮੇਤ ਗੁਰਬਚਨ ਸਿੰਘ ਉੱਪਰ ਹਮਲਾ ਕਰ ਦਿੱਤਾ। ਸਰਬਜੀਤ ਸਿੰਘ ਆਪਣੇ ਪਿਤਾ ਦੇ ਪਿੱਛੇ ਪਿੱਛੇ ਆ ਰਿਹਾ ਸੀ। ਉਸ ਮੁਤਾਬਕ ਸੁਮੀਤ ਸਿੰਘ ਅਤੇ ਉਸ ਦਾ ਸਾਥੀ ਸੱਜਣ ਸਿੰਘ ਉਸ ਦੇ ਪਿਤਾ ਨਾਲ ਗੁਥਮ-ਗੁੱਥਾ ਹੋ ਗਏ ਅਤੇ ਕਰਨਲ ਸੁਰਜੀਤ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਦਿੱਤੀ। ਬਾਅਦ ਵਿੱਚ ਪੁਲਿਸ ਨੇ ਸੱਜਣ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।
ਬਾਦਲ ਦਲ ਦੇ ਆਗੂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕਤਲ ਦੀ ਸੂਚਨਾ ਮਿਲਣ ’ਤੇ ਥਾਣਾ ਭੈਣੀ ਮੀਆਂ ਖਾਂ ਦਾ ਮੁਖੀ ਸਬ ਇੰਸਪੈਕਟਰ ਵਿਜੇ ਕੁਮਾਰ ਮੌਕੇ ’ਤੇ ਪੁਜਿਆ ਅਤੇ ਤਿੰਨ ਵਿਅਕਤੀਆਂ ਖ਼ਿਲਾਫ਼ ਧਾਰਾ 302, 34 ਆਈਪੀਸੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਅਤੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਤੋਂ ਹੀ ਕਰਨਲ ਵੱਲੋਂ ਆਪਣੇ ਘਰ ਵਿੱਚ ਲਾਊਡ ਸਪੀਕਰ ਲਾ ਕੇ ਕਾਂਗਰਸ ਦੀ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਸੀ ਅਤੇ ਕਰਨਲ ਨੇ ਗੁਰਬਚਨ ਸਿੰਘ ਦੀ ਦੁਕਾਨ ‘ਤੇ ਜਾ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਕਤਲ ਨੂੰ ਸਿਆਸੀ ਰੰਜਿਸ਼ ਦਾ ਨਤੀਜਾ ਦੱਸਿਆ ਹੈ।
ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਤੋਂ ਬਾਅਦ ਬਾਦਲ ਦਲ ਦੇ ਆਗੂ ਦੇ ਸਸਕਾਰ ਸਮੇਂ ਸੇਵਾ ਸਿੰਘ ਸੇਖਵਾਂ, ਜਗਰੂਪ ਸਿੰਘ ਸੇਖਵਾਂ, ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਭਾਈ ਕੰਵਲਦੀਪ ਸਿੰਘ ਖਾਲਸਾ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਮਨੋਹਰ ਸਿੰਘ ਤੇ ਹੋਰ ਸਿਆਸੀ ਆਗੂ ਹਾਜ਼ਰ ਸਨ।
ਸਬੰਧਤ ਖ਼ਬਰ:
ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀਆਂ ‘ਤੇ ਲਗਾਮ ਲਗਾਵੇ: ਆਮ ਆਦਮੀ ਪਾਰਟੀ …