ਫਰੀਦਕੋਟ: ਸਾਕਾ ਬਹਿਬਲ ਕਲਾਂ ਗੋਲੀਕਾਂਡ ’ਚ ਸ਼ਾਮਲ ਉਸ ਸਮੇਂ ਦੇ ਠਾਣੇਦਾਰ ਅਮਰਜੀਤ ਕੁਲਾਰ ਦੇ ਘਰ ਅੱਜ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ।
ਖਬਰਾਂ ਮੁਤਾਬਕ ਇਸ ਸਬੰਧੀ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹ ਅਮਰਜੀਤ ਕੁਲਾਰ ਨੂੰ ਲੈਣ ਉਹਦੇ ਘਰ ਗਏ ਸਨ ਪਰ ਉਹ ਘਰ ਨਹੀਂ ਸੀ।
ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕੱਲ੍ਹ ਦਾ ਘਰੋਂ ਗਿਆ ਹੋਇਆ ਹੈ ਤੇ ਹਾਲੀ ਤੱਕ ਘਰ ਨਹੀਂ ਪਰਤਿਆ।
ਜਿਕਰਯੋਗ ਹੈ ਕਿ 14 ਅਕਤੂਬਰ 2015 ਵਿੱਚ ਪੰਜਾਬ ਪੁਲਿਸ ਵੱਲੋਂ ਬਹਿਬਲ ਕਲਾਂ ਵਿਖੇ ਸਿੱਖ ਸੰਗਤਾਂ ਉੱਤੇ ਗੋਲੀਬਾਰੀ ਕਰਕੇ ਦੋ ਸਿੱਖਾਂ- ਭਾਈ ਗੁਰਜੀਤ ਸਿੰਘ ਤੇ ਭਾਈ ਕਿ੍ਰਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੇ ਲੇਖੇ ਵਿੱਚ ਤਤਕਾਲੀ ਮੋਗਾ ਐਸ. ਐਸ. ਪੀ ਚਰਨਜੀਤ ਸ਼ਰਮਾ, ਤਤਕਾਲੀ ਠਾਣੇਦਾਰ ਅਮਰਜੀਤ ਕੁਲਾਰ ਸਮੇਤ ਹੋਰਨਾਂ ਬਹੁਤ ਸਾਰੇ ਪੁਲਿਸ ਵਾਲਿਆਂ ਦੀ ਭੂਮਿਕਾ ਦੀ ਤਸਦੀਕ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਕ ਖਾਸ ਜਾਂਚ ਦਲ ਬਣਾਇਆ ਸੀ ਪਰ ਪੁਲਿਸ ਵਾਲੇ ਉਸ ਦੇ ਖਿਲਾਫ ਹਾਈ ਕੋਰਟ ਵਿਖ ਅਰਜੀ ਪਾ ਦਿੱਤੀ ਸੀ ਤੇ ਹਾਈ ਕੋਰਟ ਨੇ ਪੁਲਿਸ ਵਾਲਿਆਂ ਦੀ ਗਿਰਫਤਾਰੀ ਤੇ ਰੋਕ ਲਾ ਦਿੱਤੀ ਸੀ। ਪਰ ਲੰਘੇ ਸ਼ੁੱਕਰਵਾਰ ਹਾਈ ਕੋਰਟ ਨੇ ਪੁਲਿਸ ਵਾਲਿਆਂ ਦੀ ਅਰਜੀ ਰੱਦ ਕਰਕੇ ਗਿਰਫਤਾਰੀ ਉੱਤੇ ਲਾਈ ਰੋਕ ਚੁੱਕ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਪੁਲਿਸ ਨੇ ਚਰਨਜੀਤ ਸ਼ਰਮਾ ਨੂੰ ਗਿਰਫਤਾਰ ਕਰ ਲਿਆ।