ਚੰਡੀਗੜ੍ਹ( 27 ਫਰਵਰੀ, 2015): ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਅਤੇ ਬੀਤੇ ਕੱਲ੍ਹ ਪੰਜਾਬ ਪੁਲਿਸ ਵੱਲੋਂ 7/51 ਲਗਾਕੇ ਲੁਧਿਆਣੇ ਦੇ ਹਸਪਤਾਲ ‘ਚ ਹੀ ਆਪਣੀ ਗਿ੍ਫਤ ਹੇਠ ਲੈ ਲਏ ਗਏ ਬਾਬਾ ਸੂਰਤ ਸਿੰਘ (82) ਦੀ ਬੇਟੀ ਸਰਵਰਿੰਦਰ ਕੌਰ ਅੱਜ ਚੰਡੀਗੜ੍ਹ ਦੇ ਸੈਕਟਰ 22 ਸਥਿਤ ਹੋਟਲ ਪੰਕਜ ‘ਚ ਮੀਡੀਆ ਦੇ ਰੂਬਰੂ ਹੋਏ |
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ ਅਤੇ ਉਘੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਵੀ ਮੌਜੂਦ ਸਨ | ਸਰਵਰਿੰਦਰ ਕੌਰ, ਜੋਕਿ ਸ਼ਿਕਾਗੋ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਬੀਤੀ ਸ਼ਾਮ ਕੋਈ 4 ਵਜੇ ਸੀਨੀਅਰ ਪੁਲਿਸ ਅਧਿਕਾਰੀ (ਸੀ.ਆਈ.ਏ.) ਸੁਖਵਿੰਦਰ ਸਿੰਘ ਭੁੱਲਰ ਭਾਰੀ ਪੁਲਿਸ ਗਾਰਦ ਲੈਕੇ ਹਸਪਤਾਲ ਆਏ ਸਨ, ਜਿੱਥੇ ਇਸ ਪੁਲਿਸ ਅਧਿਕਾਰੀ ਅਤੇ ਬਾਬਾ ਸੂਰਤ ਸਿੰਘ ਵਿਚਾਲੇ ਗੱਲਬਾਤ ਹੋਈ |

ਬਾਪੂ ਸੂਰਤ ਸਿੰਘ ‘ਤੇ ਡੀ.ਜੀ.ਪੀ. ਸੁਮੇਧ ਸੈਣੀ ਵੱਲੋਂ ਘਿਓ ਖਾਣ ਦੇ ਲਾਏ ਦੋਸ਼ਾਂ ਨੂੰ ਮਨਘੜਤ ਦੱਸਿਆ | ਉਨ੍ਹਾਂ ਕਿਹਾ ਕਿ ਮੇਰੇ ਭਰਾ ਰਵਿੰਦਰਜੀਤ ਸਿੰਘ ‘ਤੇ ਵੀ 7/51 ਲਗਾਕੇ ਉਨ੍ਹਾਂ ਨੂੰ ਲੁਧਿਆਣਾ ਜੇਲ੍ਹ ‘ਚ ਡੱਕ ਦਿੱਤਾ ਗਿਆ ਹੈ | ਇਸ ਮੌਕੇ ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ ਅਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਵੱਲੋਂ ਕਾਨੂੰਨ ਦੇ ਘੇਰੇ ‘ਚ ਰਹਿਕੇ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਨੂੰ ਪੁਲਿਸ ਅਤੇ ਸਰਕਾਰ ਜਿਸ ਤਰੀਕੇ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ‘ਚ ਹੈ, ਉਹ ਮਨੱੁਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ | ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਸਵੀਰ ਸਿੰਘ ਖੰਡੂਰ ਅਤੇ ਕਮਿੱਕਰ ਸਿੰਘ ਮੁਕੰਦਪੁਰ ਵੀ ਮੌਜੂਦ ਸਨ |
