ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਈ ਦਲਜੀਤ ਸਿੰਘ ਬਿੱਟੂ ਉਨ੍ਹਾਂ ਨਾਲ ਬੈਠੇ ਭਾਈ ਮਨਧੀਰ ਸਿੰਘ

ਸਿੱਖ ਖਬਰਾਂ

ਬਰਗਾੜੀ ਬੇਅਦਬੀ ਕੇਸ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਕਹਾਣੀ ਨਾ ਮੰਨਣਯੋਗ: ਸਿੱਖ ਆਗੂ

By ਸਿੱਖ ਸਿਆਸਤ ਬਿਊਰੋ

October 22, 2015

ਜੈਤੋ/ਬਠਿੰਡਾ ( 21 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਰਗਾੜੀ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸਿੱਖ ਨੋਜਵਾਨਾਂ ਦੀ ਗ੍ਰਿਫਤਾਰੀ ਦੀ ਕਹਾਣੀ ਪੂਰੀ ਤਰਾਂ ਸ਼ੱਕੀ ਅਤੇ ਵਿਸ਼ਵਾਸ਼ ਕਰਨ ਵਾਲੀ ਨਹੀ। ਵੱਖ-ਵੱਖ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੇ ਪੁਲਿਸ ਵੱਲੋਂ ਪਿੰਡ ਪੰਜਗਰਾਂਈ ਦੇ ਦੋ ਸਕੇ ਭਰਾਵਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਹੋਣ ਦੇ ਪਲਿਸ ਦਾਅਵੇ ਨੂੰ ਰੱਦ ਕੀਤਾ ਹੈ।

ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਪੁਲਿਸ ਗ੍ਰਿਫਤਾਰ ਕੀਤੇ ਨੌਜਵਾਨਾਂ ਖਿਲਾਫ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੇ ਦਾਅਵੇ ਸੱਚੇ ਹਨ ਤਾਂ ਪੁਲਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਅੰਗ ਕਿੱਥੇ ਹਨ, ਬਾਰੇ ਦੱਸਣਾ ਚਾਹੀਦਾ ਹੈ ਅਤੇ ਇਨਾਂ ਦੀ ਫੌਰੈਂਸਿਕ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਘਟਨਾ ਪਿੱਛੇ ਵਿਦੇਸ਼ੀ ਹੱਥ ਹੋਣ ਦੇ ਦਾਅਵੇ ਵਿੱਚ ਵੀ ਕੋਈ ਸਚਾਈ ਨਹੀਂ।

ਉਨ੍ਹਾਂ ਕਿਹਾ ਕਿ ਸਿੱਖ ਸੰਗਤ ‘ਤੇ ਗੋਲੀ ਚਲਾਉਣ ਵਾਲੇ ਪੁਲਿਸ ਅਤਧਿਕਾਰੀਆਂ ‘ਤੇ ਕਤਲ ਦੇ ਮੁਕੱਦਮੇ ਚੱਲਣੇ ਚਾਹੀਦੇ ਹਨ।ਇਸ ਸਮੇਂ ਸ੍ਰ. ਮਾਨ ਨਾਲ ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ, ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਨੁਮਾਂਇਦਾ ਅਤੇ ਅਮਰੀਕ ਸਿੰਘ ਅਜਨਾਲਾ ਅਤੇ ਅਕਾਲੀ ਦਲ 1920 ਦਾ ਨੁਮਾਇਦਾ ਹਾਜ਼ਰ ਸੀ।

ਭਾਈ ਦਲਜੀਤ ਸਿੰਘ ਬਿੱਟੂ ਨੇ ਪੁਲਿਸ ਦਾਅਵਿਆਂ ਨੂੰ ਕੀਤਾ ਰੱਦ: ਸਿੱਖ ਆਗੂਆਂ ਨੂੰ ਆਪਣੀ ਜ਼ਿਮੇਵਾਰੀ ਸਮਝਣ ਦੀ ਕੀਤੀ ਅਪੀਲ:

ਜੈਤੋ: ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਿੱਖ ਸੰਘਰਸ਼ ਦਾ ਹਿੱਸਾ ਬਣੇ ਸਿੱਖ ਨੌਜਵਾਨਾਂ ਨੂੰ ਪੁਲਿਸ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ।ਉਨ੍ਹਾਂ ਕਿਹਾ ਕਿ ਰੁਪਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਅਤੇ ਸਰਕਾਰ ਭੰਬਲਭੁਸਾ ਪੈਦਾ ਕਰਨ ਲਈ ਬੇਅਦਬੀ ਵਿਰੁੱਧ ਸੰਘਰਸ਼ ਕਰ ਰਹੇ ਸਿੱਖਾਂ ‘ਤੇ ਪਰਚੇ ਦਰਜ਼ ਕਰ ਰਹੀ ਅਤੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ।

ਪੱਤਰਕਾਰਾਂ ਵੱਲੋਂ ਕੀਤੇ ਇੱਕ ਖ਼ਾਸ ਸਵਾਲ ਦੇ ਜਵਾਬ ਵਿੱਚ ਭਾਈ ਬਿੱਟੂ ਨੇ ਕਿਹਾ ਕਿ ਪੁਲਿਸ ਦਾ ਦਾਅਵਾ ਪੂਰਨਤੌਰ ‘ਤੇ ਨਾ ਮੰਨਣਯੋਗ ਹੈ। ਉਨਾਂ ਕਿਹਾ ਕਿ ਟੈਲੀਫੌਨ ਗੱਲਬਾਤ ਵਿੱਚ ਜਿਹੜੇ ਅੰਗਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਅੰਗ ਉਹ ਹੀ ਹਨ ਜਿਹੜੇ ਸਿੱਖ ਸੰਗਤ ਵੱਲੋਂ ਪਿੰਡ ਬਰਗਾੜੀ ਵਿੱਚ ਇਕੱਠੇ ਕੀਤੇ ਗਏ ਅਤੇ 12-13 ਅਕਤੂਬਰ ਨੂੰ ਧਰਨੇ ਦੌਰਾਨ ਉੱਥੇ ਪੀੜੇ ‘ਤੇ ਰੱਖੇ ਗਏ ਸਨ।

ਭਾਈ ਦਲਜੀਤ ਸਿੰਘ ਨੇ ਬੇਅਦਬੀ ਕੇਸ ਦੇ ਵਿਦੇਸ਼ਾਂ ਨਾਲ ਸਬੰਧ ਹੋਣ ਦੇ ਪੁਲਿਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਆਸਟਰੇਲੀਆ ਅਤੇ ਦੁਬਈ ਤੋਂ ਸਬੰਧਿਤ ਵਿਅਕਤੀਆਂ ਨੇ ਇਸ ਸਪੱਸ਼ਟ ਕਰ ਦਿੱਤਾ ਹੈ ਕਿ ਕੋਟਕਪੂਰਾ ਵਿੱਚ ਪੁਲਿਸ ਲਾਠੀਚਾਰਜ਼ ਦੌਰਾਨ ਰੁਪਿੰਦਰ ਸਿੰਘ ਦੇ ਜ਼ਖਮੀ ਹੋਣ ਦਾ ਸ਼ੋਸ਼ਲ ਮੀਡੀਆ ਰਾਂਹੀ ਪਤਾ ਲੱਗਣ ‘ਤੇ ਆਰਥਿਕ ਮੱਦਦ ਕਰਨ ਲਈ ਫੋਨ ਕੀਤਾ ਸੀ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੋਹਰਾ ਪਾਪ ਕਰ ਰਹੀ ਹੈ। ਪਹਿਲਾਂ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਵਿੱਚੋਂ ਜੂਨ ਮਹੀਨੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲ਼ਿਆਂ ਖਿਲਾਫ ਕੋਈ ਕਾਰਵਾਈ ਨਾ ਕਰਕੇ (ਅਤੇ ਫਿਰ ਸਿੱਖਾਂ ਨੂੰ ਕੇਸ ਵਿੱਚ ਫਸਾਉਣ ਦੀ ਝੂਠੀ ਕਹਾਣੀ ਘੜ ਕੇ।

ਸਿੱਖ ਆਗੂ ਨੇ ਕਿਹਾ ਕਿ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ‘ਤੇ ਉਨ੍ਹਾਂ ਪ੍ਰਸ਼ਾਸ਼ਿਨਕ ਅਧਿਕਾਰੀਆਂ ਸਮੇਤ ਮੁਕੱਦਮੇ ਚਲਾਏ ਜਾਣੇ ਚਾਹੀਦੇ ਹਨ, ਜਿੰਨਾਂ ਨੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸਨ।ਉਨ੍ਹਾਂ ਕਿਹਾ ਕਿ ਪਿੰਡ ਬਹਿਬਲ ਕਲਾਂ ਵਿੱਚ ਗੋਲੀਬਾਰੀ ਦੀ ਘਟਨਾਂ ਦੇ ਕਈ ਤੱਥ ਸਾਹਮਣੇ ਆਉਣੇ ਅਜੇ ਬਾਕੀ ਹਨ।ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਣ ਵਾਲੇ ਭਾਈ ਗੁਰਜੀਤ ਸਿੰਘ ਅਤੇ ਭਾਈ ਕਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਸਾਝਾਂ ਕਰਨ ਪਹੁੰਚੇ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਮੌਕੇ ਦੇ ਗਵਾਹਾਂ ਨੂੰ ਸੰਗਤਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ।

ਉਨ੍ਹਾਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬਹਿਬਲ ਕਲਾਂ ਵਿੱਚ ਪੁਲਿਸ ਨੇ ਜਦੋਂ ਸਿੱਖ ਸੰਗਤ ‘ਤੇ ਗੋਲੀਬਾਰੀ ਕੀਤੀ ਤਾਂ ਉਸ ਸਮੇ ਸਿੱਖ ਸੰਗਤ ਪਿੰਡ ਨੂੰ ਜਾਂਦੀ ਸੜਕ ‘ਤੇ ਸ਼ਾਂਤਮਈ ਤਰੀਕੇ ਨਾਲ ਬੈਠੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਮੌਕੇ ‘ਤੇ ਹਾਜ਼ਰ ਕਰੀ ਵਿਅਕਤੀਆਂ ਨੂੰ ਅਤੇ ਇਸ ਗੋਲੀਬਾਰੀ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਮਿਲੇ, ਜਿਨ੍ਹਾਂ ਨੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਜੋ ਵਿਖਇਆ ਗਿਆ ਹੈ. ਦੇ ਉਲਟ ਸਪੱਸ਼ਟ ਕਿਹਾ ਕਿ ਕੋਟਕਪੂਰਾ-ਬਠਿੰਡਾ ਸੜਕ ‘ਤੇ ਜ਼ਾਮ ਲਾਇਅ ਹੀ ਨਹੀਂ ਗਿਆ ਸੀ।

ਉਨ੍ਹਾਂ ਨੇ ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਸ਼ਖਸ਼ੀਅਤਾਂ ਅਤੇ ਜੱਥੇਬੰਦੀਆਂ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇੱਕ ਮੰਚ ‘ਤੇ ਇਕੱਠੇ ਹੋ ਕੇ ਸੱਚ ਸੰਗਤਾਂ ਦੇ ਸਾਹਮਣੇ ਲਿਆਉਣ ਲਈ ਇੱਕ ਕਮੇਟੀ ਬਣਾਈ ਜਾਵੇ।ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਸਮੇਂ ਖਾਲਸਾ ਜਾਬਤਾ ਕਾਇਮ ਰੱਖਿਆ ਜਾਵੇ ਅਤੇ ਸਿੱਖ ਆਗੂਆਂ ਨੂੰ ਇਸ ਸੰਘਰਸ਼ ਦੀ ਸੁੱਚਜੀ ਅਗਵਾਰੀ ਕਰਨ ਲਈ ਛੋਟੇ-ਮੋਟੇ ਵਖਰੇਵਿਆਂ ਨੂੰ ਦਰਕਿਨਾਰ ਕਰਕੇ ਇਕੱਠੇ ਹੋਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: